ਸੰਸਦ ਮੈਂਬਰ ਸ਼ਫ਼ੀਕੁਰਹਿਮਾਨ ਬਰਕ ਨੂੰ 2024 ਦੀਆਂ ਚੋਣਾਂ ਲਈ ਵੀ ਉਮੀਦਵਾਰ ਐਲਾਨਿਆ ਸੀ ਸਮਾਜਵਾਦੀ ਪਾਰਟੀ ਨੇ
ਲਖਨਊ: ਉੱਤਰ ਪ੍ਰਦੇਸ਼ ਦੇ ਸੰਭਲ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸਫ਼ੀਕੁਰਹਿਮਾਨ ਬਰਕ ਦੀ ਮੰਗਲਵਾਰ ਨੂੰ ਮੌਤ ਹੋ ਗਈ। 93 ਸਾਲਾਂ ਦੇ ਬਰਕ ਲੰਮੇ ਸਮੇਂ ਤੋਂ ਉਮਰ ਸਬੰਧਤ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਨੂੰ ਮੁਰਾਦਾਬਾਦ ਦੇ ਇਕ ਨਿਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਚਾਰ ਵਾਰੀ ਦੇ ਵਿਧਾਇਕ ਅਤੇ ਕਈ ਵਾਰੀ ਸੰਸਦ ਮੈਂਬਰ ਰਹਿ ਚੁੱਕੇ ਡਾ. ਸਫ਼ੀਕੁਰਹਿਮਾਨ ਬਰਕ 2019 ’ਚ ਸਮਾਜਵਾਦੀ ਪਾਰਟੀ ਦੇ ਚੋਣ ਚਿੰਨ੍ਹ ’ਤੇ ਪੰਜਵੀਂ ਵਾਰੀ ਸੰਸਦ ਮੈਂਬਰ ਬਣੇ ਸਨ।
ਬਰਕ ਦੀ ਮੌਤ ’ਤੇ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸੋਗ ਸੰਦੇਸ਼ ’ਚ ਕਿਹਾ, ‘‘ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਕਈ ਵਾਰੀ ਸੰਸਦ ਮੈਂਬਰ ਰਹੇ ਜਨਾਬ ਸ਼ਫ਼ੀਕੁਰਰਹਿਮਾਨ ਬਰਕ ਦਾ ਇੰਤਕਾਲ ਬਹੁਤ ਦੁਖ ਦੀ ਗੱਲ ਹੈ। ਰੱਖ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’’ ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਅਤੇ ਕਾਂਗਰਸ ਨੇ ਵੀ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਤੋਂ ਰਾਜਨੀਤੀ ਸਿਖ ਕੇ ਅਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਬਰਕ ਨੂੰ ਇਕ ਸਪੱਸ਼ਟ ਮੁਸਲਿਮ ਨੇਤਾ ਵਜੋਂ ਜਾਣਿਆ ਜਾਂਦਾ ਸੀ।
ਲੋਕ ਸਭਾ ’ਚ ਵੰਦੇ ਮਾਤਰਮ ਦਾ ਵਿਰੋਧ ਹੋਵੇ ਜਾਂ ‘ਬਾਬਰੀ ਐਕਸ਼ਨ ਕਮੇਟੀ’ ਦੇ ਕਨਵੀਨਰ ਦੇ ਤੌਰ ’ਤੇ ਰਾਮ ਮੰਦਰ ਦਾ ਮੁੱਦਾ, ਉਹ ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਜੰਗ ਦੀ ਸਥਿਤੀ ’ਤੇ ਅਪਣੇ ਤਿੱਖੇ ਸਿਆਸੀ ਸਟੈਂਡ ਲਈ ਵਿਸ਼ਵ ਪੱਧਰ ’ਤੇ ਜਾਣੇ ਜਾਂਦੇ ਸਨ। ਉਹ ਸਭ ਤੋਂ ਬਜ਼ੁਰਗ ਸੰਸਦ ਮੈਂਬਰ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਉਨ੍ਹਾਂ ਦੇ ਲੰਮੇ ਸਿਆਸੀ ਜੀਵਨ ਅਤੇ ਲੰਮੀ ਉਮਰ ਲਈ ਵਧਾਈ ਦਿਤੀ ਸੀ। ਸਮਾਜਵਾਦੀ ਪਾਰਟੀ ਨੇ ਬਰਕ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਵੀ ਉਮੀਦਵਾਰ ਐਲਾਨ ’ਤੇ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਸੀ।