
Bhopal GasTragedy:1984 ਦੇ ਭੋਪਾਲ ਗੈਸ ਦੁਖਾਂਤ ਦੇ ਜ਼ਹਿਰੀਲੇ ਕੂੜੇ ਨੂੰ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਪੀਥਮਪੁਰ ਖੇਤਰ ’ਚ ਤਬਦੀਲ ਕਰਨ ਦੇ ਦਿੱਤੇ ਸੀ ਨਿਰਦੇਸ਼
Bhopal Gas Tragedy News in Punjabi : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਹੁਕਮ ’ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ’ਚ 1984 ਦੇ ਭੋਪਾਲ ਗੈਸ ਦੁਖਾਂਤ ਦੇ ਜ਼ਹਿਰੀਲੇ ਕੂੜੇ ਨੂੰ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਪੀਥਮਪੁਰ ਖੇਤਰ ’ਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਜਸਟਿਸ ਬੀ.ਆਰ. ਗਵਈ ਅਤੇ ਏ.ਜੀ. ਮਸੀਹ ਦੇ ਬੈਂਚ ਨੇ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ ਪਲਾਂਟ ਤੋਂ ਰਹਿੰਦ-ਖੂੰਹਦ ਦੇ ਨਿਪਟਾਰੇ 'ਤੇ ਵੀਰਵਾਰ ਨੂੰ ਹੋਣ ਵਾਲੇ ਮੁਕੱਦਮੇ 'ਤੇ ਰੋਕ ਲਗਾਉਣ ਤੋਂ ਵੀ ਇਨਕਾਰ ਕਰ ਦਿੱਤਾ।
ਬੈਂਚ ਨੇ ਕਿਹਾ ਕਿ ਰਾਸ਼ਟਰੀ ਵਾਤਾਵਰਣ ਇੰਜੀਨੀਅਰਿੰਗ ਖੋਜ ਸੰਸਥਾ (NEERI), ਰਾਸ਼ਟਰੀ ਭੂ-ਭੌਤਿਕ ਖੋਜ ਸੰਸਥਾ (NGRI) ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਮਾਹਿਰਾਂ ਨੇ ਇਨ੍ਹਾਂ ਮੁੱਦਿਆਂ 'ਤੇ ਆਪਣੇ ਵਿਚਾਰ ਦਿੱਤੇ ਹਨ, ਜਿਨ੍ਹਾਂ 'ਤੇ ਹਾਈ ਕੋਰਟ ਦੇ ਨਾਲ-ਨਾਲ ਮਾਹਰ ਪੈਨਲ ਨੇ ਵੀ ਵਿਚਾਰ ਕੀਤਾ ਹੈ। ਸੁਪਰੀਮ ਕੋਰਟ ਨੇ ਪੀੜਤ ਧਿਰਾਂ, ਜਿਨ੍ਹਾਂ ’ਚ ਰਹਿੰਦ-ਖੂੰਹਦ ਦੇ ਨਿਪਟਾਰੇ ਦਾ ਵਿਰੋਧ ਕਰਨ ਵਾਲੇ ਸਿਵਲ ਸੰਗਠਨਾਂ ਦੇ ਮੈਂਬਰ ਵੀ ਸ਼ਾਮਲ ਹਨ, ਨੂੰ ਹਾਈ ਕੋਰਟ ’ਚ ਜਾਣ ਲਈ ਕਿਹਾ ਜੋ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ।
ਸੁਪਰੀਮ ਕੋਰਟ ਨੇ 25 ਫ਼ਰਵਰੀ ਨੂੰ ਅਧਿਕਾਰੀਆਂ ਨੂੰ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਪੀਥਮਪੁਰ ਖੇਤਰ ’ਚ 1984 ਦੇ ਭੋਪਾਲ ਗੈਸ ਦੁਖਾਂਤ ਤੋਂ ਖ਼ਤਰਨਾਕ ਰਹਿੰਦ-ਖੂੰਹਦ ਦੇ ਨਿਪਟਾਰੇ ਸਮੇਂ ਵਰਤੀਆਂ ਗਈਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਉਣ ਲਈ ਕਿਹਾ ਸੀ। ਹੁਣ ਬੰਦ ਪਈ ਯੂਨੀਅਨ ਕਾਰਬਾਈਡ ਫ਼ੈਕਟਰੀ ਤੋਂ ਲਗਭਗ 377 ਟਨ ਖ਼ਤਰਨਾਕ ਰਹਿੰਦ-ਖੂੰਹਦ ਨੂੰ ਭੋਪਾਲ ਤੋਂ 250 ਕਿਲੋਮੀਟਰ ਅਤੇ ਇੰਦੌਰ ਤੋਂ ਲਗਭਗ 30 ਕਿਲੋਮੀਟਰ ਦੂਰ ਧਾਰ ਜ਼ਿਲ੍ਹੇ ਦੇ ਪੀਥਮਪੁਰ ਉਦਯੋਗਿਕ ਖੇਤਰ ਦੇ ਇੱਕ ਪਲਾਂਟ ’ਚ ਨਿਪਟਾਰੇ ਲਈ ਲਿਜਾਇਆ ਗਿਆ।
2-3 ਦਸੰਬਰ, 1984 ਦੀ ਰਾਤ ਨੂੰ ਯੂਨੀਅਨ ਕਾਰਬਾਈਡ ਫ਼ੈਕਟਰੀ ’ਚੋਂ ਇੱਕ ਬਹੁਤ ਹੀ ਜ਼ਹਿਰੀਲੀ ਗੈਸ, ਮਿਥਾਈਲ ਆਈਸੋਸਾਈਨੇਟ (MIC) ਲੀਕ ਹੋਈ, ਜਿਸ ਨਾਲ 5,479 ਲੋਕ ਮਾਰੇ ਗਏ ਅਤੇ ਪੰਜ ਲੱਖ ਤੋਂ ਵੱਧ ਲੋਕ ਅਪਾਹਜ ਹੋ ਗਏ। ਇਸਨੂੰ ਦੁਨੀਆਂ ਦੀਆਂ ਸਭ ਤੋਂ ਭਿਆਨਕ ਉਦਯੋਗਿਕ ਆਫ਼ਤਾਂ ’ਚੋਂ ਇੱਕ ਮੰਨਿਆ ਜਾਂਦਾ ਹੈ।
(For more news apart from Supreme Court refused to intervene in case of Union Carbide waste burning News in Punjabi, stay tuned to Rozana Spokesman)