
2018 ਦੌਰਾਨ ਅਤਿਵਾਦੀ ਸੰਗਠਨਾਂ ਨੇ ਪੁਲਵਾਮਾ ਵਿਚ 63 ਸਥਾਨਕ ਨਾਗਰਿਕ ਭਰਤੀ ਕੀਤੇ ਗਏ ਸਨ
ਸ਼੍ਰੀਨਗਰ- ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਦਹਿਸ਼ਤਗਰਦ ਸਮੂਹਾਂ ਨੇ ਸਾਲ 2018 ਤੇ 2019 ਦੌਰਾਨ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਰਹਿੰਦੇ ਸਥਾਨਕ ਨੌਜਵਾਨਾਂ ਦੀ ਵੱਧ ਤੋਂ ਵੱਧ ਭਰਤੀ ਕੀਤੀ ਸੀ। ਇਹ ਖ਼ੁਲਾਸਾ ਸੁਰੱਖਿਆ ਏਜੰਸੀਆਂ ਵੱਲੋਂ ਤਿਆਰ ਕੀਤੀ ਰਿਪੋਰਟ ਵਿਚ ਕੀਤਾ ਗਿਆ। ਇਹ ਰਿਪੋਰਟ ਇਨ੍ਹਾਂ ਏਜੰਸੀਆਂ ਨੇ ਪ੍ਰਧਾਨ ਮੰਤਰੀ ਦਫ਼ਤਰ ਨਾਲ ਵੀ ਸਾਂਝੀ ਕੀਤੀ। ਬੀਤੀ 14 ਫਰਵਰੀ ਨੂੰ ਇਕ ਅਤਿਵਾਦੀ ਬੰਬਾਰ ਨੇ ਹਮਲਾ ਕਰ ਕੇ ਸੀਆਰਪੀਐਫ਼ ਦੇ 45 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਬਾਅਦ ਵਿਚ ਹਮਲੇ ਦੀ ਜਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲੈ ਲਈ ਸੀ। ਸੁਰੱਖਿਆ ਏਜੰਸੀਆਂ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਪੁਲਵਾਮਾ ਦਾ ਹਮਲਾ ਬਿਲਕੁਲ ਉਵੇਂ ਹੀ ਕੀਤਾ ਗਿਆ ਹੈ, ਜਿਵੇਂ ਅਤਿਵਾਦੀ ਸੀਰੀਆ ਤੇ ਅਫ਼ਗਾਨਿਸਤਾਨ ਵਿਚ ਆਮ ਕਰਦੇ ਹਨ। ਪੁਲਵਾਮਾ ਹਮਲੇ ਵਿਚ ਅਤਿਵਾਦੀ ਬੰਬਾਰੀ ਨੇ ਧਮਾਕੇ ਵਾਲੀ ਸਮੱਗਰੀ ਨਾਲ ਭਰੀ ਆਪਣੀ ਕਾਰ ਸੀਆਰਪੀਐੱਫ਼ ਦੇ ਜਵਾਨਾਂ ਨਾਲ ਭਰੀ ਬੱਸ ਨਾਲ ਟਕਰਾ ਦਿੱਤੀ।
ਸੁਰੱਖਿਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਸਾਲ 2018 ਦੌਰਾਨ ਅਤਿਵਾਦੀ ਸੰਗਠਨਾਂ ਨੇ ਪੁਲਵਾਮਾ ਵਿਚ 63 ਸਥਾਨਕ ਨਾਗਰਿਕ ਭਰਤੀ ਕੀਤੇ ਗਏ ਸਨ ਤੇ ਇਸ ਵਰ੍ਹੇ ਹੁਣ ਤੱਕ ਦੋ ਨੌਜਵਾਨਾਂ ਨੂੰ ਅਤਿਵਾਦੀਆਂ ਵੱਲੋਂ ਭਰਤੀ ਕੀਤਾ ਜਾ ਚੁੱਕਾ ਹੈ। ਇੰਝ ਹੀ ਸ਼ੋਪੀਆਂ ਜ਼ਿਲ੍ਹੇ ਵਿਚ ਸਾਲ 2018 ਦੌਰਾਨ 46 ਸਥਾਨਕ ਨੌਜਵਾਨ ਭਰਤੀ ਕੀਤੇ ਗਏ ਸਨ ਤੇ ਇਸ ਸਾਲ ਹਾਲੇ ਤੱਕ ਕੋਈ ਭਰਤੀ ਨਹੀਂ ਹੋਈ।
ਜੈਸ਼–ਏ–ਮੁਹੰਮਦ ਨੇ ਪਿਛਲੇ ਸਾਲ ਕਸ਼ਮੀਰ ਵਾਦੀ ਵਿਚ 33 ਸਥਾਨਕ ਨੌਜਵਾਨ ਭਰਤੀ ਕੀਤੇ ਸਨ; ਜਦ ਕਿ ਹਿਜ਼ਬੁਲ ਮੁਜਾਹਿਦੀਨ ਨੇ 79 ਤੇ ਲਸ਼ਕਰ–ਏ–ਤੋਇਬਾ ਨੇ 66 ਸਥਾਨਕ ਨੌਜਵਾਨ ਆਪਣੇ ਨਾਲ ਰਲ਼ਾ ਲਏ ਸਨ। ਇਸੇ ਖ਼ੂਫ਼ੀਆ ਰਿਪੋਰਟ ਮੁਤਾਬਕ ਇਸ ਵਰ੍ਹੇ 2019 ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਜੈਸ਼–ਏ–ਮੁਹੰਮਦ ਦੇ 15 ਦਹਿਸ਼ਤਗਰਦ ਮਾਰੇ ਜਾ ਚੁੱਕੇ ਹਨ। ਉਨ੍ਹਾਂ ਤੋਂ ਇਲਾਵਾ 10 ਦਹਿਸ਼ਤਗਰਦ ਹਿਜ਼ਬੁਲ ਮੁਜਾਹਿਦੀਨ ਤੇ ਲਸ਼ਕਰ–ਏ–ਤੋਇਬਾ ਦੇ ਮਾਰੇ ਗਏ ਹਨ।