ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ’ਤੇ ਵੀ ਮਕੋਕਾ ਤਹਿਤ ਮਾਮਲਾ ਦਰਜ
ਮੁੰਬਈ: ਮੁੰਬਈ ਪੁਲਿਸ ਨੇ 14 ਅਪ੍ਰੈਲ ਨੂੰ ਬਾਂਦਰਾ ’ਚ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਸਬੰਧ ’ਚ ਮਹਾਰਾਸ਼ਟਰ ਸੰਗਠਤ ਅਪਰਾਧ ਕੰਟਰੋਲ ਐਕਟ (ਮਕੋਕਾ) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਕਥਿਤ ਸ਼ੂਟਰ ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਤੋਂ ਇਲਾਵਾ ਸੋਨੂੰ ਕੁਮਾਰ ਚੰਦਰ ਬਿਸ਼ਨੋਈ (37) ਅਤੇ ਅਨੁਜ ਥਾਪਨ (32) ਦੇ ਨਾਲ-ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ’ਤੇ ਵੀ ਮਕੋਕਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਬਿਹਾਰ ਦੇ ਰਹਿਣ ਵਾਲੇ ਗੁਪਤਾ ਅਤੇ ਪਾਲ ਨੂੰ 16 ਅਪ੍ਰੈਲ ਨੂੰ ਗੁਜਰਾਤ ਦੇ ਕੱਛ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਸੋਨੂੰ ਬਿਸ਼ਨੋਈ ਅਤੇ ਥਾਪਨ ਨੂੰ 25 ਅਪ੍ਰੈਲ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਕੈਨੇਡਾ ’ਚ ਰਹਿਣ ਵਾਲੇ ਅਨਮੋਲ ਬਿਸ਼ਨੋਈ ਨੇ ਫੇਸਬੁੱਕ ਪੋਸਟ ਰਾਹੀਂ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ’ਚ ਬੰਦ ਹੈ।
ਮਕੋਕਾ ਐਕਟ, ਜਿਸ ਨੂੰ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਵੀ ਕਹਿੰਦੇ ਹਨ, ਇੱਕ ਵਿਸ਼ੇਸ਼ ਕਾਨੂੰਨ ਹੈ ਜੋ ਸੰਗਠਿਤ ਅਪਰਾਧ ਨੂੰ ਰੋਕਣ ਲਈ ਲਾਗੂ ਕੀਤਾ ਜਾਂਦਾ ਹੈ। ਇਹ ਕਾਨੂੰਨ 1999 'ਚ ਮਹਾਰਾਸ਼ਟਰ ਸਰਕਾਰ ਵਲੋਂ ਪਾਸ ਕੀਤਾ ਗਿਆ ਸੀ ਅਤੇ 2002 'ਚ ਦਿੱਲੀ ਸਰਕਾਰ ਵਲੋਂ ਵੀ ਲਾਗੂ ਕੀਤਾ ਜਾ ਗਿਆ ਸੀ। ਮਕੋਕਾ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਜੇਕਰ ਕਿਸੇ ਖ਼ਿਲਾਫ਼ ਇਸ ਦੇ ਅਧੀਨ ਕਾਰਵਾਈ ਹੋ ਰਹੀ ਹੁੰਦੀ ਹੈ ਤਾਂ ਜਾਂਚ ਪੂਰੀ ਹੋਣ ਤੱਕ ਉਸ ਨੂੰ ਜ਼ਮਾਨਤ ਨਹੀਂ ਮਿਲ ਸਕਦੀ।