
ਪੁਲਿਸ ਦੀ ਜਾਂਚ ਅਤੇ ਗ੍ਰਿਫਤਾਰੀ ਦੇ ਡਰੋਂ ਦੋਵੇਂ 31 ਦਸੰਬਰ 2023 ਨੂੰ ਥਾਈਲੈਂਡ ਭੇਜ ਗਏ ਸੀ
Ravi Kana: ਸਕਰੈਪ ਮਾਫੀਆ ਅਤੇ ਗੈਂਗਸਟਰ ਰਵੀ ਕਾਨਾ ਅਤੇ ਉਸ ਦੀ ਪ੍ਰੇਮਿਕਾ ਕਾਜਲ ਝਾਅ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਥਾਈਲੈਂਡ ਪੁਲਿਸ ਨੇ ਦੋਵਾਂ ਨੂੰ ਭਾਰਤ ਡਿਪੋਰਟ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ। ਸ਼ਨੀਵਾਰ ਦੁਪਹਿਰ 2 ਵਜੇ ਜਿਵੇਂ ਹੀ ਰਵੀ ਕਾਨਾ ਅਤੇ ਕਾਜਲ ਝਾਅ ਦਿੱਲੀ ਏਅਰਪੋਰਟ 'ਤੇ ਪਹੁੰਚੇ ਤਾਂ ਦੋਹਾਂ ਨੂੰ ਨੋਇਡਾ ਪੁਲਸ ਨੇ ਹਿਰਾਸਤ 'ਚ ਲੈ ਲਿਆ।
ਦੋਵਾਂ ਤੋਂ ਨੋਇਡਾ ਪੁਲਿਸ ਨੇ ਪੁੱਛਗਿੱਛ ਕੀਤੀ ,ਜਿਸ ਵਿੱਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਭਾਰਤ ਤੋਂ ਭੱਜ ਕੇ 31 ਦਸੰਬਰ 2023 ਨੂੰ ਥਾਈਲੈਂਡ ਪਹੁੰਚੇ ਸਨ। ਨੋਇਡਾ ਪੁਲਿਸ ਰਵੀ ਕਾਨਾ ਅਤੇ ਉਸਦੀ ਪ੍ਰੇਮਿਕਾ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜੇਗੀ।
ਨੋਇਡਾ ਪੁਲਿਸ ਕੁਝ ਦਿਨਾਂ ਬਾਅਦ ਅਦਾਲਤ ਤੋਂ ਦੋਵਾਂ ਦਾ ਰਿਮਾਂਡ ਮੰਗੇਗੀ। ਰਵੀ ਕਾਨਾ ਅਤੇ ਉਸਦੀ ਪ੍ਰੇਮਿਕਾ ਨੋਇਡਾ ਪੁਲਿਸ ਦੀ ਜਾਂਚ ਅਤੇ ਗ੍ਰਿਫਤਾਰੀ ਦੇ ਡਰੋਂ ਥਾਈਲੈਂਡ ਭੱਜ ਗਏ ਸਨ। ਨੋਇਡਾ ਪੁਲਿਸ ਨੇ ਲੋਕੇਸ਼ਨ ਟਰੇਸ ਕਰਕੇ ਥਾਈਲੈਂਡ ਪੁਲਿਸ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਥਾਈਲੈਂਡ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਡਿਪੋਰਟ ਕਰ ਦਿੱਤਾ।
ਨੋਇਡਾ ਪੁਲਿਸ ਹੁਣ ਤੱਕ ਰਵੀ ਕਾਨਾ ਅਤੇ ਕਾਜਲ ਝਾਅ ਦੀ ਦਿੱਲੀ ਐਨਸੀਆਰ ਵਿੱਚ 250 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ। ਅਗਲੇਰੀ ਜਾਂਚ ਵਿੱਚ ਕਈ ਵੱਡੇ ਵ੍ਹਾਈਟ ਕਾਲਰ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਨਾਂ ਸਾਹਮਣੇ ਆ ਸਕਦੇ ਹਨ।
ਕਿੱਥੇ ਅਤੇ ਕਿੰਨੀ ਜਾਇਦਾਦ
ਨੋਇਡਾ ਪੁਲਿਸ ਨੇ ਗੌਤਮ ਬੁੱਧ ਨਗਰ, ਬੁਲੰਦਸ਼ਹਿਰ ਅਤੇ ਦਿੱਲੀ ਵਿੱਚ ਗੈਂਗਸਟਰ ਰਵੀ ਕਾਨਾ ਦੀ ਲਗਭਗ 200 ਕਰੋੜ ਰੁਪਏ ਦੀ ਜਾਇਦਾਦ ਸੀਲ ਕਰ ਦਿੱਤੀ ਸੀ। ਇਸ ਵਿੱਚ ਦਿੱਲੀ ਦੀ ਨਿਊ ਫਰੈਂਡਜ਼ ਕਲੋਨੀ ਵਿੱਚ 80 ਕਰੋੜ ਰੁਪਏ ਦਾ ਬੰਗਲਾ ਵੀ ਸ਼ਾਮਲ ਹੈ।
ਰਵੀ ਨੇ ਇਹ ਬੰਗਲਾ ਆਪਣੀ ਪ੍ਰੇਮਿਕਾ ਕਾਜਲ ਝਾਅ ਦੇ ਨਾਂ 'ਤੇ ਖਰੀਦਿਆ ਸੀ। ਨੋਇਡਾ ਪੁਲਿਸ ਨੇ ਬੁਲੰਦਸ਼ਹਿਰ ਦੇ ਖੁਰਜਾ ਵਿੱਚ 40 ਵਿੱਘੇ ਜ਼ਮੀਨ ਨੂੰ ਵੀ ਸੀਲ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਇਹ ਜਾਇਦਾਦ ਵੱਖ-ਵੱਖ ਅਪਰਾਧਾਂ ਤੋਂ ਕਮਾਏ ਪੈਸੇ ਨਾਲ ਬਣਾਈ ਹੈ।