
ਸਬੂਤਾਂ ਦੀ ਭਾਲ ਤੇਜ਼ ਕੀਤੀ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਮਾਮਲੇ ਨੂੰ ਰਸਮੀ ਤੌਰ ’ਤੇ ਅਪਣੇ ਹੱਥ ’ਚ ਲੈ ਲਿਆ ਹੈ। ਏਜੰਸੀ ਨੇ ਅਤਿਵਾਦੀ ਸਾਜ਼ਸ਼ ਦਾ ਪਰਦਾਫਾਸ਼ ਕਰਨ ਲਈ ਸਬੂਤਾਂ ਦੀ ਭਾਲ ਤੇਜ਼ ਕਰ ਦਿਤੀ ਹੈ ਅਤੇ ਚਸ਼ਮਦੀਦਗਵਾਹਾਂ ਤੋਂ ਪੁੱਛ-ਪੜਤਾਲ ਕੀਤੀ ਹੈ।
ਅਧਿਕਾਰੀਆਂ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਮਗਰੋਂ ਅਤਿਵਾਦ ਰੋਕੂ ਏਜੰਸੀ ਨੇ ਐਤਵਾਰ ਨੂੰ ਜੰਮੂ ’ਚ ਮਾਮਲਾ ਦਰਜ ਕੀਤਾ ਅਤੇ ਕਈ ਟੀਮਾਂ ਜਾਂਚ ’ਚ ਸ਼ਾਮਲ ਹਨ। ਅਧਿਕਾਰੀਆਂ ਨੇ ਦਸਿਆ ਕਿ ਮੰਗਲਵਾਰ ਦੁਪਹਿਰ ਨੂੰ ਹੋਏ ਭਿਆਨਕ ਅਤਿਵਾਦੀ ਹਮਲੇ ਤੋਂ ਬਾਅਦ ਐਨ.ਆਈ.ਏ. ਦੇ ਇੰਸਪੈਕਟਰ ਜਨਰਲ (ਆਈ.ਜੀ.) ਦੀ ਅਗਵਾਈ ਵਿਚ ਐਨਆਈਏ ਅਧਿਕਾਰੀਆਂ ਦੀ ਇਕ ਟੀਮ ਸਥਾਨਕ ਪੁਲਿਸ ਦੀ ਮਦਦ ਲਈ ਮੌਕੇ ’ਤੇ ਪਹੁੰਚੀ।
ਅਧਿਕਾਰੀਆਂ ਨੇ ਦਸਿਆ ਕਿ ਐਨ.ਆਈ.ਏ. ਦੀਆਂ ਟੀਮਾਂ ਬੁਧਵਾਰ ਤੋਂ ਅਤਿਵਾਦੀ ਹਮਲੇ ਵਾਲੀ ਥਾਂ ’ਤੇ ਡੇਰਾ ਲਾ ਕੇ ਸੁਰਾਗ ਲੱਭ ਰਹੀਆਂ ਹਨ। ਐਨ.ਆਈ.ਏ. ਦੀਆਂ ਟੀਮਾਂ ਅਤਿਵਾਦੀਆਂ ਦੇ ਕੰਮ ਕਰਨ ਦੇ ਤਰੀਕੇ ਦਾ ਸੁਰਾਗ ਲੱਭਣ ਲਈ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਫੋਰੈਂਸਿਕ ਅਤੇ ਹੋਰ ਮਾਹਰਾਂ ਦੀ ਸਹਾਇਤਾ ਨਾਲ ਟੀਮਾਂ ਅਤਿਵਾਦੀ ਸਾਜ਼ਸ਼ ਦਾ ਪਰਦਾਫਾਸ਼ ਕਰਨ ਲਈ ਸਬੂਤਾਂ ਲਈ ਪੂਰੇ ਖੇਤਰ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੀਆਂ ਹਨ।
ਇਸ ਵਿਚ ਕਿਹਾ ਗਿਆ ਹੈ ਕਿ ਚਸ਼ਮਦੀਦਾਂ ਤੋਂ ਵੀ ਵਿਸਥਾਰ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਕਸ਼ਮੀਰ ਵਿਚ ਸੱਭ ਤੋਂ ਭਿਆਨਕ ਅਤਿਵਾਦੀ ਹਮਲਿਆਂ ਵਿਚੋਂ ਇਕ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਐਨ.ਆਈ.ਏ. ਵਲੋਂ ਜਾਰੀ ਬਿਆਨ ਅਨੁਸਾਰ ਇਕ ਆਈ.ਜੀ., ਇਕ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਅਤੇ ਇਕ ਪੁਲਿਸ ਸੁਪਰਡੈਂਟ (ਐਸ.ਪੀ.) ਦੀ ਨਿਗਰਾਨੀ ਹੇਠ ਟੀਮਾਂ ਉਨ੍ਹਾਂ ਚਸ਼ਮਦੀਦਗਵਾਹਾਂ ਦੀ ਜਾਂਚ ਕਰ ਰਹੀਆਂ ਹਨ ਜਿਨ੍ਹਾਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਸ਼ਾਂਤੀਪੂਰਨ ਅਤੇ ਸੁੰਦਰ ਬੈਸਰਨ ਘਾਟੀ ’ਚ ਅਪਣੀਆਂ ਅੱਖਾਂ ਸਾਹਮਣੇ ਭਿਆਨਕ ਹਮਲਾ ਹੁੰਦੇ ਵੇਖਿਆ ਸੀ।
ਅਤਿਵਾਦੀਆਂ ਦੇ ਇਕ ਸਮੂਹ ਨੇ ਬੀਤੇ ਮੰਗਲਵਾਰ ਨੂੰ ‘ਮਿੰਨੀ ਸਵਿਟਜ਼ਰਲੈਂਡ’ ਵਜੋਂ ਜਾਣੇ ਜਾਂਦੇ ਘਾਹ ਦੇ ਮੈਦਾਨ ਵਿਚ ਖਾਣ-ਪੀਣ ਦੀਆਂ ਦੁਕਾਨਾਂ ਦੇ ਆਲੇ-ਦੁਆਲੇ ਘੁੰਮਦੇ, ਪੋਨੀ ਦੀ ਸਵਾਰੀ ਕਰਦੇ ਜਾਂ ਛੋਟੇ ਬੱਚਿਆਂ ਅਤੇ ਮਾਪਿਆਂ ਸਮੇਤ ਅਪਣੇ ਪਰਵਾਰਾਂ ਨਾਲ ਪਿਕਨਿਕ ਕਰਦੇ ਹੋਏ ਮਰਦ ਸੈਲਾਨੀਆਂ ਦੀ ਹੱਤਿਆ ਕਰ ਦਿਤੀ ਸੀ।
ਅਧਿਕਾਰੀਆਂ ਨੇ ਦਸਿਆ ਕਿ ਐਨ.ਆਈ.ਏ. ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਅਤਿਵਾਦੀ ਹਮਲੇ ਦੇ ਬਚੇ ਲੋਕਾਂ ਤੋਂ ਵੇਰਵੇ ਲੈਣ ਲਈ ਦੇਸ਼ ਭਰ ਦਾ ਦੌਰਾ ਕਰ ਰਹੀਆਂ ਹਨ। ਅਧਿਕਾਰੀਆਂ ਨੇ ਦਸਿਆ ਕਿ ਐਨ.ਆਈ.ਏ. ਦੀਆਂ ਟੀਮਾਂ ਨੇ ਮਹਾਰਾਸ਼ਟਰ, ਓਡੀਸ਼ਾ ਅਤੇ ਪਛਮੀ ਬੰਗਾਲ ਸਮੇਤ ਹੋਰ ਸੂਬਿਆਂ ’ਚ ਪੀੜਤਾਂ ਦੇ ਪਰਵਾਰ ਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਹਨ।
ਅਧਿਕਾਰੀਆਂ ਨੇ ਦਸਿਆ ਕਿ ਇਸ ਭਿਆਨਕ ਅਤਿਵਾਦੀ ਹਮਲੇ ਦੀ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਇਸ ’ਚ ਸ਼ਾਮਲ ਅਤਿਵਾਦੀਆਂ ਦੀ ਗਿਣਤੀ ਪੰਜ ਤੋਂ ਸੱਤ ਤਕ ਹੋ ਸਕਦੀ ਹੈ। ਅਧਿਕਾਰੀਆਂ ਨੇ ਦਸਿਆ ਕਿ ਹਮਲਾਵਰਾਂ ਨੂੰ ਘੱਟੋ-ਘੱਟ ਦੋ ਸਥਾਨਕ ਅਤਿਵਾਦੀਆਂ ਨੇ ਵੀ ਮਦਦ ਕੀਤੀ, ਜਿਨ੍ਹਾਂ ਨੇ ਪਾਕਿਸਤਾਨ ਵਿਚ ਸਿਖਲਾਈ ਪ੍ਰਾਪਤ ਕੀਤੀ ਸੀ।
ਸੁਰੱਖਿਆ ਏਜੰਸੀਆਂ ਨੇ ਹਮਲੇ ’ਚ ਸ਼ਾਮਲ ਹੋਣ ਦੇ ਸ਼ੱਕ ’ਚ ਤਿੰਨ ਅਤਿਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਦਸਿਆ ਕਿ ਪਾਕਿਸਤਾਨ ਦੇ ਇਨ੍ਹਾਂ ਤਿੰਨਾਂ ਦੀ ਪਛਾਣ ਆਸਿਫ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਾਲਹਾ ਵਜੋਂ ਹੋਈ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਅਤਿਵਾਦੀਆਂ ਨੂੰ ਢੇਰ ਕਰਨ ਲਈ ਜਾਣਕਾਰੀ ਦੇਣ ਵਾਲੇ ਨੂੰ 20-20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਦਸਿਆ ਕਿ ਜਾਂਚ ਤੋਂ ਪਤਾ ਲਗਦਾ ਹੈ ਕਿ ਅਤਿਵਾਦੀਆਂ ਨੇ ਅਪਣੀ ਵਹਿਸ਼ੀਆਨਾ ਹਰਕਤ ਨੂੰ ਰੀਕਾਰਡ ਕਰਨ ਲਈ ਬਾਡੀ ਕੈਮਰਿਆਂ ਦੀ ਵਰਤੋਂ ਕੀਤੀ।