
ਰਾਮ ਮੰਦਰ ਦੇ ਦਰਸ਼ਨਾਂ ਲਈ ਬਦਲੀ ਗਈ ਰਿਵਾਇਤ
ਅਯੁੱਧਿਆ: ਹਨੂੰਮਾਨਗੜ੍ਹੀ ਮੰਦਰ ਦੇ ਮੁੱਖ ਪੁਜਾਰੀ 30 ਅਪ੍ਰੈਲ ਨੂੰ ਅਕਸ਼ੈ ਤ੍ਰਿਤਿਆ ’ਤੇ ਰਾਮ ਮੰਦਰ ਦੇ ਦਰਸ਼ਨ ਕਰਨ ਲਈ ਪਹਿਲੀ ਵਾਰ ਅਪਣੇ ਘਰ ਤੋਂ ਰਵਾਨਾ ਹੋਣਗੇ। ‘ਗੱਦੀ ਨਸ਼ੀਨ’ ਦੇ ਖਿਤਾਬ ਨਾਲ ਸਨਮਾਨਿਤ ਮਹੰਤ ਪ੍ਰੇਮ ਦਾਸ 70 ਸਾਲ ਦੇ ਹਨ ਅਤੇ ਉਨ੍ਹਾਂ ਨੇ ਅਯੁੱਧਿਆ ’ਚ 52 ਵਿੱਘੇ ਜ਼ਮੀਨ ’ਤੇ ਫੈਲੇ ਮੰਦਰ ਦੇ ਕੰਪਲੈਕਸ ਨੂੰ ਕਦੇ ਨਹੀਂ ਛੱਡਿਆ।
ਸਦੀਆਂ ਪੁਰਾਣੀ ਰਵਾਇਤ ਅਨੁਸਾਰ ਗੱਦੀ ਨਸ਼ੀਨ ਦੇ ਸਾਰੀ ਉਮਰ ਮੰਦਰ ਤੋਂ ਬਾਹਰ ਜਾਣ ’ਤੇ ਪਾਬੰਦੀ ਹੈ। ਅਯੁੱਧਿਆ ਦੇ ਵਸਨੀਕ ਪ੍ਰਜਵਲ ਸਿੰਘ ਨੇ ਕਿਹਾ ਕਿ 18ਵੀਂ ਸਦੀ ’ਚ ਮੰਦਰ ਦੀ ਸਥਾਪਨਾ ਨਾਲ ਸ਼ੁਰੂ ਹੋਈ ਪਰੰਪਰਾ ਇੰਨੀ ਸਖਤ ਸੀ ਕਿ ਗੱਦੀ ਨਸ਼ੀਨ ਨੂੰ ਸਥਾਨਕ ਅਦਾਲਤਾਂ ’ਚ ਪੇਸ਼ ਹੋਣ ਤੋਂ ਵੀ ਛੋਟ ਦਿਤੀ ਗਈ ਸੀ। ਪਰੰਪਰਾ ਤੋਂ ਟੁੱਟਣਾ ਮਹੰਤ ਪ੍ਰੇਮ ਦਾਸ ਵਲੋਂ ਰਾਮ ਮੰਦਰ ਜਾਣ ਦੀ ਇੱਛਾ ਜ਼ਾਹਰ ਕਰਨ ਤੋਂ ਬਾਅਦ ਆਇਆ ਹੈ।
ਉਨ੍ਹਾਂ ਨੇ ਇਹ ਇੱਛਾ ਨਿਰਵਾਣੀ ਅਖਾੜੇ ਦੇ ਪੰਚਾਂ ਨੂੰ ਦੱਸੀ, ਜਿਨ੍ਹਾਂ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਯਾਤਰਾ ਦੀ ਇਜਾਜ਼ਤ ਦੇ ਦਿਤੀ। ਨਿਰਵਾਨੀ ਅਖਾੜੇ ਦੇ ਮੁਖੀ ਮਹੰਤ ਰਾਮਕੁਮਾਰ ਦਾਸ ਨੇ ਕਿਹਾ ਕਿ 30 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ’ਤੇ ਗੱਦੀ ਨਸ਼ੀਨ ਇਕ ਜਲੂਸ ਦੀ ਅਗਵਾਈ ਕਰਨਗੇ, ਜਿਸ ’ਚ ਹਾਥੀ, ਊਠ ਅਤੇ ਘੋੜੇ ਵੀ ਹੋਣਗੇ। ਉਨ੍ਹਾਂ ਕਿਹਾ ਕਿ ਮੁੱਖ ਪੁਜਾਰੀ ਦੇ ਨਾਲ ਨਾਗਾ ਸਾਧੂ, ਉਨ੍ਹਾਂ ਦੇ ਚੇਲੇ, ਸ਼ਰਧਾਲੂ ਅਤੇ ਸਥਾਨਕ ਵਪਾਰੀ ਵੀ ਹੋਣਗੇ।
ਉਨ੍ਹਾਂ ਨੇ ਦਸਿਆ ਕਿ ਇਹ ਜਲੂਸ ਸਵੇਰੇ 7 ਵਜੇ ਸਰਯੂ ਨਦੀ ਦੇ ਕੰਢੇ ’ਤੇ ਇਸ਼ਨਾਨ ਲਈ ਪਹੁੰਚੇਗਾ ਅਤੇ ਫਿਰ ਰਾਮ ਮੰਦਰ ਵਲ ਵਧੇਗਾ। 22 ਜਨਵਰੀ, 2024 ਨੂੰ ਅਯੁੱਧਿਆ ਮੰਦਰ ’ਚ ਇਕ ਇਤਿਹਾਸਕ ਘਟਨਾ ’ਚ ਰਾਮ ਲਲਾ ਦੀ ਮੂਰਤੀ ਨੂੰ ਪਵਿੱਤਰ ਕੀਤਾ ਗਿਆ ਸੀ। ਮੰਦਰ ਦੇ ਕੁੱਝ ਹਿੱਸੇ ਅਜੇ ਵੀ ਨਿਰਮਾਣ ਅਧੀਨ ਹਨ।