
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ 25 ਮਈ ਨੂੰ ਆਯੋਜਿਤ ਕੀਤੀ ਗਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦਾ ਇਕ ਹੋਰ ਕਿੱਸਾ ਸਾਹਮਣੇ ਆਇਆ ਹੈ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ 25 ਮਈ ਨੂੰ ਆਯੋਜਿਤ ਕੀਤੀ ਗਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦਾ ਇਕ ਹੋਰ ਕਿੱਸਾ ਸਾਹਮਣੇ ਆਇਆ ਹੈ। ਬੈਠਕ ਦੌਰਾਨ ਪ੍ਰਿਅੰਕਾ ਗਾਂਧੀ ਨੇ ਕੁਝ ਆਗੂਆਂ ‘ਤੇ ਨਰਾਜ਼ਗੀ ਜਤਾਈ ਹੈ। ਇਕ ਰਿਪੋਰਟ ਮੁਤਾਬਿਕ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪਾਰਟੀ ਦੇ ਦਿੱਗਜ ਆਗੂਆਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਲੜਨ ਲਈ ਇਕੱਲਾ ਛੱਡ ਦਿੱਤਾ ਸੀ।
Congress Working Committee
ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਜਦੋਂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਕਰਾਰੀ ਹਾਰ ਲਈ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਤਾਂ ਪਾਰਟੀ ਦੇ ਕੁਝ ਆਗੂਆਂ ਨੇ ਉਹਨਾਂ ਨੂੰ ਅਸਤੀਫਾ ਵਾਪਿਸ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਇਸੇ ਦੌਰਾਨ ਪ੍ਰਿਅੰਕਾ ਗਾਂਧੀ ਨੇ ਕਿਹਾ , ‘ਜਦੋਂ ਮੇਰਾ ਭਰਾ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਇਕੱਲਾ ਚੋਣ ਲੜ ਰਿਹਾ ਸੀ ਤਾਂ ਤੁਸੀਂ ਕਿੱਥੇ ਸੀ?’
Rahul Gandhi
ਬੈਠਕ ਵਿਚ ਪ੍ਰਿਅੰਕਾ ਨੇ ਘੱਟੋ ਘੱਟ ਦੋ ਵਾਰ ਟੋਕਿਆ ਅਤੇ ਕਿਹਾ ਕਿ ਕਿਸੇ ਨੇ ਵੀ ਰਾਫੇਲ ਅਤੇ ‘ਚੌਂਕੀਦਾਰ ਚੋਰ ਹੈ’ ਮੁਹਿੰਮ ਨੂੰ ਅੱਗੇ ਵਧਾਉਣ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਸਮਰਥਨ ਨਹੀਂ ਕੀਤਾ। ਪ੍ਰਿਅੰਕਾ ਨੇ ਇਹ ਵੀ ਕਿਹਾ ਕਿ ਪਾਰਟੀ ਦੀ ਹਾਰ ਲਈ ਇਸ ਕਮਰੇ ਵਿਚ ਬੈਠਾ ਹਰ ਆਦਮੀ ਜ਼ਿੰਮੇਵਾਰ ਹੈ। ਇਸ ਦੇ ਨਾਲ ਹੀ ਮੀਟਿੰਗ ਵਿਚ ਰਾਹੁਲ ਕਈ ਦਿੱਗਜ ਨੇਤਾਵਾਂ ਨਾਲ ਨਰਾਜ਼ ਦਿਖੇ।