
ਵਕੀਲਾਂ ਦੇ ਡ੍ਰੈਸ ਕੋਡ ਵਿਚ ਰਾਹਤ ਦੇਣ ਦੀ ਅਪੀਲ ਕੀਤੀ ਗਈ
ਚੰਡੀਗੜ੍ਹ: ਕਾਲਾ ਕੋਟ ਵਕੀਲਾਂ ਦੀ ਪਛਾਣ ਮੰਨਿਆ ਜਾਂਦਾ ਹੈ ਪਰ ਗਰਮੀ ਦੇ ਮੌਸਮ ’ਚ ਇਹ ਰੰਗ ਨਾ ਪਹਿਨਣ ਦੀ ਸਲਾਹ ਦਿਤੀ ਜਾਂਦੀ ਹੈ। ਇਸ ਦੌਰਾਨ ਸੁਪਰੀਮ ਕੋਰਟ ’ਚ ਵੀ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਗਰਮੀਆਂ ’ਚ ਵਕੀਲਾਂ ਦੇ ਡ੍ਰੈਸ ਕੋਡ ਵਿਚ ਰਾਹਤ ਦੇਣ ਦੀ ਅਪੀਲ ਕੀਤੀ ਗਈ ਹੈ।
ਪਟੀਸ਼ਨ ’ਚ ਮੰਗ ਕੀਤੀ ਗਈ ਹੈ ਕਿ ਵਕੀਲਾਂ ਨੂੰ ਗਰਮੀਆਂ ਦੌਰਾਨ ਕਾਲਾ ਕੋਟ ਨਾ ਪਹਿਨਣ ਤੋਂ ਛੋਟ ਦਿਤੀ ਜਾਵੇ। ਇਸ ਲਈ ਇਹ ਮੰਗ ਵੀ ਕੀਤੀ ਗਈ ਹੈ ਕਿ ਐਡਵੋਕੇਟ ਐਕਟ, 1961 ਦੇ ਨਿਯਮਾਂ ’ਚ ਸੋਧ ਕੀਤੀ ਜਾਵੇ। ਇਸ ਨਾਲ ਵਕੀਲਾਂ ਨੂੰ ਗਰਮੀ ਦੇ ਦਿਨਾਂ ’ਚ ਕਾਲਾ ਕੋਟ ਪਹਿਨਣ ਤੋਂ ਰਾਹ ਮਿਲ ਸਕੇਗੀ।
ਪਟੀਸ਼ਨ ’ਚ ਅਗੇ ਕਿਹਾ ਗਿਆ ਹੈ ਕਿ ਅਦਾਲਤ ਸਾਰੇ ਰਾਜਾਂ ਦੀਆਂ ਬਾਰ ਕੌਂਸਲਾਂ ਨੂੰ ਇਸ ਸਬੰਧੀ ਹੁਕਮ ਜਾਰੀ ਕਰੇ। ਇਸ ਲਈ ਉਨ੍ਹਾਂ ਮਹੀਨਿਆਂ ਦੀ ਸੂਚੀ ਤਿਆਰ ਕੀਤੀ ਜਾਵੇ, ਜਦੋਂ ਕਾਲਾ ਕੋਟ ਪਹਿਨਣਾ ਗਰਮੀ ਦੇ ਮੌਸਮ ਦੌਰਾਨ ਕਾਫ਼ੀ ਔਖਾ ਹੁੰਦਾ ਹੈ। ਇਸ ਤੋਂ ਇਲਾਵਾ ਗਰਮੀਆਂ ਦੇ ਮੌਸਮ ਦੌਰਾਨ ਕਾਲਾ ਕੋਟ ਪਹਿਨਣ ਨਾਲ ਹੋਣ ਵਾਲੇ ਨੁਕਸਾਨ ਦੀ ਸਮੀਖਿਆ ਲਈ ਇਕ ਕਮੇਟੀ ਵੀ ਕਾਇਮ ਕੀਤੀ ਜਾਵੇ, ਜਿਸ ਵਿਚ ਮੈਡੀਕਲ ਮਾਹਿਰ ਜ਼ਰੂਰ ਹੋਣ। ਪਟੀਸ਼ਨਰ ਐਡਵੋਕੇਟ ਸ਼ੈਲੇਂਦਰ ਮਣੀ ਤ੍ਰਿਪਾਠੀ ਦਾ ਕਹਿਣਾ ਹੈ ਕਿ ਇਸ ਗੱਲ ਦਾ ਅਧਿਐਨ ਵੀ ਜ਼ਰੂਰ ਹੋਣਾ ਚਾਹੀਦਾ ਹੈ ਕਿ ਗਰਮੀਆਂ ਦੇ ਮੌਸਮ ’ਚ ਕਾਲਾ ਕੋਟ ਪਹਿਨਣ ਨਾਲ ਸਿਹਤ, ਕੰਮ ਦੀ ਸਮਰੱਥਾ ’ਤੇ ਕਿਵੇਂ ਮਾੜਾ ਅਸਰ ਪੈ ਸਕਦਾ ਹੈ।
ਐਡਵੋਕੇਟ ਤ੍ਰਿਪਾਠੀ ਨੇ ਬੈਂਚ ਨੂੰ ਅਪੀਲ ਕੀਤੀ ਹੈ ਕਿ ਰਵਾਇਤੀ ਡ੍ਰੈੱਸ ਕੋਡ ਦੇ ਨਿਯਮਾਂ ’ਚ ਛੋਟ ਦਿਤੀ ਜਾਵੇ ਕਿਉਂਕਿ ਦੇਸ਼ ਦੇ ਮੈਦਾਨੀ ਇਲਾਕਿਆਂ ’ਚ ਗਰਮੀਆਂ ਦੇ ਮੌਸਮ ’ਚ ਤਾਪਮਾਨ ਬਹੁਤ ਉੱਤੇ ਚਲਾ ਜਾਂਦਾ ਹੈ। ਅਜਿਹਾ ਲਗਾਤਾਰ ਕਈ ਮਹੀਨੇ ਹੁੰਦਾ ਹੈ ਅਤੇ ਉਸ ਹਾਲਤ ’ਚ ਕਾਲਾ ਕੋਟ ਪਹਿਨਣਾ ਬਹੁਤ ਔਖਾ ਹੁੰਦਾ ਹੈ।
ਪਟੀਸ਼ਨਰ ਅਨੁਸਾਰ ਕਾਲਾ ਕੋਟ ਪਹਿਨਣ ਦੀ ਰਵਾਇਤ ਬ੍ਰਿਟਿਸ਼ ਦੌਰ ਨਾਲ ਜੁੜੀ ਹੋਈ ਹੈ ਪਰ ਇਹ ਸਾਡੇ ਲਈ ਸਹੀ ਨਹੀਂ ਹੈ। ਪਟੀਸ਼ਨਰ ਨੇ ਕਿਹਾ ਕਿ ਬ੍ਰਿਟੇਨ ’ਚ ਮੌਸਮ ਠੰਢਾ ਰਹਿੰਦਾ ਹੈ, ਉਥੇ ਕਾਲਾ ਕੋਟ ਦਰੁਸਤ ਰਹਿੰਦਾ ਹੈ ਪਰ ਗਰਮੀਆਂ ’ਚ ਕਾਲਾ ਰੰਗ ਅਪਣੇ ਵਲ ਗਰਮੀ ਵਧੇਰੇ ਖਿਚਦਾ ਹੈ।