
ਕਸ਼ਮੀਰ ਘਾਟੀ ਵਿਚ ਕਰੀਬ 60 ਵਿਦੇਸ਼ੀ ਅਤਿਵਾਦੀਆਂ ਸਮੇਤ 243 ਦਹਿਸ਼ਤਗਰਦ ਸਰਗਰਮ ਹਨ। ਵਾਦੀ ਵਿਚ ਅਤਿਵਾਦ ਨਾਲ ਸਿੱਝਣ ਲਈ 'ਆਪਰੇਸ਼ਨ..
ਜੰਮੂ : ਕਸ਼ਮੀਰ ਘਾਟੀ ਵਿਚ ਕਰੀਬ 60 ਵਿਦੇਸ਼ੀ ਅਤਿਵਾਦੀਆਂ ਸਮੇਤ 243 ਦਹਿਸ਼ਤਗਰਦ ਸਰਗਰਮ ਹਨ। ਵਾਦੀ ਵਿਚ ਅਤਿਵਾਦ ਨਾਲ ਸਿੱਝਣ ਲਈ 'ਆਪਰੇਸ਼ਨ ਆਲ ਆਊਟ' ਪੂਰੇ ਜ਼ੋਰਾਂ 'ਤੇ ਹੈ। ਛੇ ਮਹੀਨਿਆਂ ਤੋਂ ਘੱਟ ਸਮੇਂ ਦੌਰਾਨ ਕਸ਼ਮੀਰ ਘਾਟੀ ਵਿਚ ਕੁੱਝ ਬਹੁਤ ਪੜ੍ਹੇ-ਲਿਖੇ ਨੌਜਵਾਨਾਂ ਸਮੇਤ 75 ਨੌਜਵਾਨ ਅਤਿਵਾਦ ਨਾਲ ਜੁੜ ਗਏ ਹਨ। ਇਸ ਤਰ੍ਹਾਂ ਅਜਿਹੇ ਵਿਅਕਤੀਆਂ ਦੇ ਬੰਦੂਕ ਚੁੱਕਣ ਵਿਚ ਭਾਰੀ ਵਾਧੇ ਕਾਰਨ ਚਿੰਤਾ ਵਧ ਗਈ ਹੈ।
ਪੁਲਿਸ ਅਤੇ ਸੁਰੱਖਿਆ ਬਲ ਨੇ ਸਥਾਨਕ ਅਤਿਵਾਦੀਆਂ ਨੂੰ ਉਨ੍ਹਾਂ ਦੇ ਪਰਵਾਰ ਜ਼ਰੀਏ ਹਥਿਆਰ ਚੁੱਕਣ ਅਤੇ ਮੁੱਖਧਾਰਾ ਵਿਚ ਸ਼ਾਮਲ ਹੋਣ ਲਈ ਮਨਾਉਣ ਵਾਸਤੇ ਉਨ੍ਹਾਂ ਤਕ ਪਹੁੰਚਣ ਦਾ ਯਤਨ ਤੇਜ਼ ਕਰ ਦਿਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਵਾਦੀ ਵਿਚ 243 ਅਤਿਵਾਦੀ ਸਰਗਰਮ ਹਨ ਅਤੇ ਇਨ੍ਹਾਂ ਵਿਚੋਂ 59 ਵਿਦੇਸ਼ੀ ਅਤਿਵਾਦੀ ਹਨ। ਸੀਨੀਅਰ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਜੰਮੂ ਖੇਤਰ ਵਿਚ 15 ਅਤਿਵਾਦੀ ਸਰਗਰਮ ਹਨ।
ਪੂਰੇ ਜੰਮੂ ਕਸ਼ਮੀਰ ਵਿਚ 188 ਸਥਾਨਕ ਅਤੇ 70 ਵਿਦੇਸ਼ੀ ਅਤਿਵਾਦੀ ਸਰਗਰਮ ਹਨ। ਡੀਜੀਪੀ ਐਸ ਪੀ ਵੈਦ ਨੇ ਦਸਿਆ ਕਿ ਰਮਜ਼ਾਨ ਦੌਰਾਨ ਅਤਿਵਾਦੀ ਗਤੀਵਿਧੀਆਂ ਵਧ ਜਾਣ ਕਾਰਨ ਆਉਣ ਵਾਲੇ ਦਿਨਾਂ ਵਿਚ ਜੰਮੂ ਕਸ਼ਮੀਰ ਵਿਚ ਅਤਿਵਾਦ ਵਿਰੋਧੀ ਮੁਹਿੰਮ ਤੇਜ਼ ਕੀਤੀ ਜਾਵੇਗੀ। ਰਮਜ਼ਾਨ ਕਾਰਨ ਇਹ ਮੁਹਿੰਮ ਰੋਕ ਦਿਤੀ ਗਈ ਸੀ।
ਡੀਜੀਪੀ ਨੇ ਕਿਹਾ ਕਿ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਮੁਹਿੰਮ ਪਹਿਲਾਂ ਵੀ ਚੱਲ ਰਹੀ ਸੀ ਤੇ ਹੁਣ ਹੋਰ ਤੇਜ਼ ਕੀਤੀ ਜਾਵੇਗੀ। ਇਸ ਸਾਲ ਸਿਰਫ਼ ਪੰਜ ਮਹੀਨਿਆਂ ਵਿਚ ਘਾਟੀ ਵਿਚ 75 ਕਸ਼ਮੀਰੀ ਨੌਜਵਾਨ ਅਤਿਵਾਦ ਨਾਲ ਜੁੜ ਗਏ। 2010 ਵਿਚ ਸੱਭ ਤੋਂ ਜ਼ਿਆਦਾ 127 ਨੌਜਵਾਨ ਅਤਿਵਾਦ ਨਾਲ ਜੁੜੇ ਸਨ। 2016 ਵਿਚ 88 ਕਸ਼ਮੀਰੀ ਨੌਜਵਾਨ ਅਤਿਵਾਦ ਨਾਲ ਜੁੜੇ ਸਨ। (ਏਜੰਸੀ)