
ਕਾਂਗਰਸ ਕਦੇ ਨਹੀਂ ਸੁਧਰ ਸਕਦੀ, ਐਮਰਜੈਂਸੀ ਕਾਂਗਰਸ ਦਾ ਪਾਪ: ਮੋਦੀ
ਮੁੰਬਈ, ਦੇਸ਼ ਵਿਚ 43 ਸਾਲ ਪਹਿਲਾਂ ਐਮਰਜੈਂਸੀ ਲਾਗੂ ਕੀਤੇ ਜਾਣ ਲਈ ਕਾਂਗਰਸ ਅਤੇ ਗਾਂਧੀ ਪਰਵਾਰ ਨੂੰ ਆੜੇ ਹੱਥੀਂ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਪਰਵਾਰ ਦੇ ਸੁਆਰਥੀ ਨਿਜੀ ਹਿਤਾਂ ਕਾਰਨ ਭਾਰਤ ਨੂੰ ਜੇਲ ਵਿਚ ਤਬਦੀਲ ਕਰ ਦਿਤਾ ਗਿਆ ਸੀ। ਐਮਰਜੈਂਸੀ ਲਾਗੂ ਕੀਤੇ ਜਾਣ ਦੇ 43 ਸਾਲ ਪੂਰੇ ਹੋ ਗਏ ਹਨ
ਅਤੇ ਭਾਜਪਾ ਨੇ ਅੱਜ ਕਾਲਾ ਦਿਵਸ ਮਨਾਇਆ। ਐਮਰਜੈਂਸੀ ਦੀ ਬਰਸੀ ਮੌਕੇ ਹੋਈ ਪਾਰਟੀ ਦੀ ਬੈਠਕ ਵਿਚ ਮੋਦੀ ਨੇ ਕਿਹਾ ਕਿ ਇਸ ਦਿਨ ਨੂੰ ਸੰਵਿਧਾਨ ਅਤੇ ਜਮਹੂਰੀਅਤ ਦੀ ਰਾਖੀ ਲਈ ਖ਼ੁਦ ਨੂੰ ਸਮਰਪਿਤ ਕਰਨ ਵਾਸਤੇ ਮਨਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਕਾਂਗਰਸ ਦਾ ਪਾਪ ਹੈ। ਐਮਰਜੈਂਸੀ ਦੇਸ਼ ਦੇ ਇਤਿਹਾਸ 'ਤੇ ਕਾਲਾ ਧੱਬਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਨੂੰ ਕਾਲੇ ਦਿਵਸ ਵਜੋਂ ਕਾਂਗਰਸ ਦੀ ਆਲੋਚਨਾ ਕਰਨ ਵਾਸਤੇ ਹੀ ਨਹੀਂ ਸਗੋਂ ਸੰਵਿਧਾਨ ਅਤੇ ਜਮਹੂਰੀਅਤ ਦੀ ਰਾਖੀ ਲਈ ਜਾਗਰੂਕਤਾ ਫੈਲਾਉਣ ਵਾਸਤੇ ਵੀ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਹੁਣ ਵੀ ਐਮਰਜੈਂਸੀ ਵਾਲੀ ਹੈ। ਭਾਜਪਾ ਦੇ ਸ਼ਾਸਨ ਵਿਚ ਸੰਵਿਧਾਨ, ਦਲਿਤਾਂ ਅਤੇ ਘੱਟਗਿਣਤੀਆਂ ਦੇ ਖ਼ਤਰੇ ਵਿਚ ਹੋਣ ਦਾ ਕਾਲਪਨਿਕ ਡਰ ਫੈਲਾਉਣ ਲਈ ਕਾਂਗਰਸ ਦੀ ਸਖ਼ਤ ਆਲੋਚਨਾ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਕਦੇ ਨਹੀਂ ਸੁਧਰ ਸਕਦੀ।
ਉਨ੍ਹਾਂ ਕਿਹਾ, 'ਨਿਜੀ ਹਿਤਾਂ ਲਈ ਉਨ੍ਹਾਂ ਨੇ ਅਪਣੀ ਹੀ ਪਾਰਟੀ ਨੂੰ ਬਰਬਾਦ ਕਰ ਦਿਤਾ। ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਜੇਲ ਵਿਚ ਬੰਦ ਕਰ ਕੇ ਦੇਸ਼ ਜੇਲ ਵਿਚ ਬਦਲ ਦਿਤਾ ਗਿਆ। ਕਾਂਗਰਸ ਲਈ ਦੇਸ਼ ਅਤੇ ਜਮਹੂਰੀਅਤ ਦੀ ਕੋਈ ਕੀਮਤ ਨਹੀਂ ਹੈ। ਅਦਾਲਤ ਦੇ ਫ਼ੈਸਲੇ ਮਗਰੋਂ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦੀ ਬਜਾਏ ਐਮਰਜੈਂਸੀ ਲਾ ਦਿਤੀ।' ਉਨ੍ਹਾਂ ਕਿਹਾ ਕਿ ਜਦ ਕਿਸ਼ੋਰ ਕੁਮਾਰ ਨੇ ਕਾਂਗਰਸ ਲਈ ਗਾਉਣ ਤੋਂ ਇਨਕਾਰ ਕਰ ਦਿਤਾ ਤਾਂ ਰੇਡੀਉ 'ਤੇ ਉਸ ਦੇ ਗਾਣੇ ਵਜਾਉਣ ਤੋਂ ਰੋਕ ਦਿਤੇ ਗਏ। (ਏੇਜੰਸੀ)