
ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਜਦੋਂ ਪੰਜਾਬ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵਧੇਰੇ ਸੀ ਪਰ
ਅਮਰਗੜ੍ਹ, 26 ਜੂਨ (ਬਲਵਿੰਦਰ ਸਿੰਘ ਭੁੱਲਰ) : ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਜਦੋਂ ਪੰਜਾਬ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵਧੇਰੇ ਸੀ ਪਰ ਦਾਜ ਦਹੇਜ ਦੇ ਲੋਭੀਆਂ ਦੀ ਮੰਗ ਦੇ ਨਾਲ ਨਾਲ ਬਰਾਤਾਂ ਦੀ ਸੇਵਾ ਅਤੇ ਕਾਰਾਂ ਗੱਡੀਆਂ ਦੀ ਮੰਗ ਕਾਰਨ ਧੀਆਂ ਦੇ ਬਾਪ ਕਰਜਾਈ ਹੋ ਗਏ। ਸੂਬੇ ਦੇ ਲਾਲਚੀ ਕਿਸਮ ਦੇ ਲੋਕਾਂ ਜਿਨ੍ਹਾਂ ਦਾਜ ਦੇ ਲੋਭ ਅਤੇ ਲਾਲਚ ਵਿਚ ਅਪਣੇ ਪੁੱਤ ਵਿਕਾਊ ਕਰ ਦਿਤੇ ਵਲੋਂ ਵਿਆਹਾਂ ਮੰਗਣੀਆਂ ਮੌਕੇ ਨਕਦ ਕੈਸ਼ ਦੀ ਮੰਗ ਪੂਰੀ ਨਾ ਹੋਣ ਦੇ ਮਾਮਲਿਆਂ ਵਿਚ ਅਪਣੀਆਂ ਨੂੰਹਾਂ ਸਾੜਨ ਦੇ ਅਤਿ ਗੰਭੀਰ ਅਤੇ ਸੰਗੀਨ ਅਪਰਾਧ ਵਧਣ ਕਾਰਨ ਧੀਆਂ ਜੰਮਣ ਵਾਲਿਆਂ ਵਲੋਂ ਪਿਛਲੇ ਦੋ-ਤਿੰਨ ਦਹਾਕੇ ਪਹਿਲਾਂ ਕੁੜੀਆਂ ਨੂੰ ਕੁੱਖ ਵਿਚ ਕਤਲ ਕਰਵਾਉਣ ਦਾ ਰੁਝਾਨ ਬਹੁਤ ਜ਼ਿਆਦਾ ਜ਼ੋਰ ਫੜ੍ਹ ਗਿਆ ਜਿਸ ਦੇ ਚਲਦਿਆਂ ਸੂਬੇ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਔਸਤਨ ਬਹੁਤ ਹੀ ਜ਼ਿਆਦਾ ਘਟ ਗਈ।
ਲੋਕ ਸਭਾ ਵਿਚ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਦਸਿਆ ਸੀ ਕਿ 2012-14 ਦੌਰਾਨ ਦੇਸ਼ ਅੰਦਰ 25000 ਕੁੜੀਆਂ ਉਨ੍ਹਾਂ ਦੇ ਸਹੁਰਿਆਂ ਵਲੋਂ ਮਾਰ ਦਿਤੀਆਂ ਗਈਆਂ ਜਾਂ ਉਨ੍ਹਾਂ ਖੁਦਕਸ਼ੀ ਕਰ ਲਈ। ਇਸੇ ਸਮੇਂ ਦੌਰਾਨ ਦਾਜ ਦਹੇਜ ਰੋਕੂ ਐਕਟ ਅਧੀਨ 30000 ਵਿਅਕਤੀਆਂ ਵਿਰੁਧ ਕੇਸ ਦਰਜ ਕੀਤੇ ਗਏ। ਦੇਸ਼ ਦੀ ਕੌਮੀ ਅਪਰਾਧ ਬਿਊਰੋ ਦੇ ਅੰਕੜਿਆਂ ਮੁਤਾਬਕ ਦਾਜ ਰੋਕੂ ਐਕਟ ਅਧੀਨ 2012,2013 ਅਤੇ 2014 ਵਿਚ ਦੋਸ਼ੀਆਂ ਵਿਰੁਧ ਕ੍ਰਮਵਾਰ 8233, 8083 ਅਤੇ 8455 ਕੇਸ ਦਰਜ ਕੀਤੇ ਗਏ ਸਨ। ਇਕ ਮੋਟੇ ਜਿਹੇ ਅਨੁਮਾਨ ਮੁਤਾਬਕ ਦੇਸ਼ ਅੰਦਰ ਹਰ ਰੋਜ਼ ਤਕਰੀਬਨ 21 ਕੁੜੀਆਂ ਦਾਜ਼ ਦੀ ਬਲੀ ਚੜ੍ਹਦੀਆਂ ਹਨ। ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ 93 ਫ਼ੀ ਸਦੀ ਪਰਵਾਰਾਂ ਵਿਰੁਧ ਪਰਚੇ ਦਰਜ ਕੀਤੇ ਜਾਂਦੇ ਹਨ
File Photo
ਪਰ ਸਜ਼ਾ ਹੋਣ ਦੀ ਦਰ 35 ਫ਼ੀ ਸਦੀ ਨਾਲੋਂ ਵੀ ਘੱਟ ਹੈ। ਇਨ੍ਹਾਂ ਹਾਲਾਤਾਂ ਦੌਰਾਨ ਜਿਥੇ ਪੰਜਾਬੀ ਧੀਆਂ ਦੀ ਗਿਣਤੀ ਘਟੀ ਉਥੇ ਮਾਪਿਆਂ ਵਲੋਂ ਉਨ੍ਹਾਂ ਦੀ ਉੱਚ ਵਿਦਿਆ ਵਲ ਵੀ ਉਚੇਚੀ ਤਵੱਜੋਂ ਦਿਤੀ ਗਈ ਕਿਉਂਕਿ ਪੜ੍ਹਾਈ ਦੇ ਮਾਮਲੇ ਵਿਚ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਮਿਹਨਤੀ, ਜ਼ਿਆਦਾ ਯੋਗ ਅਤੇ ਜ਼ਿਆਦਾ ਕਾਬਲ ਮੰਨੀਆਂ ਜਾਣ ਲੱਗੀਆਂ। ਇਸੇ ਸਮੇਂ ਦੌਰਾਨ ਮੁੰਡਿਆਂ ਨੂੰ ਉੱਚ ਵਿੱਦਿਆ ਲਈ ਵਿਦੇਸ਼ ਭੇਜਣ ਦੇ ਰੁਝਾਨ ਦੇ ਨਾਲੋ ਨਾਲ ਮਾਪਿਆਂ ਵਲੋਂ ਕੁੜੀਆਂ ਨੂੰ ਵੀ ਵਿਦੇਸ਼ ਭੇਜਣ ਦਾ ਜਾਨੂੰਨ ਅਤੇ ਰਿਵਾਜ਼ ਜ਼ੋਰ ਫੜ੍ਹ ਗਿਆ।
ਪੰਜ ਦਰਿਆਵਾਂ ਦੀ ਧਰਤੀ ਤੇ ਨਸ਼ਿਆਂ ਦਾ ਛੇਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਝਦਾਰ ਮਾਪਿਆਂ ਵਲੋਂ ਅਪਣੀਆਂ ਲਾਡਲੀਆਂ ਨੂੰ ਸੂਬੇ ਦੇ ਨਸ਼ਈ ਨੌਜਵਾਨਾਂ ਨਾਲ ਵਿਆਹੁਣ ਦੀ ਬਜਾਏ ਵਿਦੇਸ਼ ਭੇਜਣਾ ਸ਼ੁਰੂ ਕਰ ਦਿਤਾ। ਇਸ ਤਰ੍ਹਾਂ ਪੰਜਾਬ ਵਿਚ ਕੁੜੀਆਂ ਦੀ ਗਿਣਤੀ ਹੋਰ ਵੀ ਘਟ ਗਈ ਜਿਸ ਕਰ ਕੇ ਹਰ ਕਿਸੇ ਦਾ ਚਿੰਤਤ ਹੋਣਾ ਲਾਜਮੀ ਸੀ ਕਿਉਂਕਿ ਨੌਜਵਾਨਾਂ ਲਈ ਵਿਆਹ ਦੇ ਮੌਕੇ ਬਹੁਤ ਸੀਮਤ ਹੁੰਦੇ ਜਾ ਰਹੇ ਸਨ ਤੇ ਸੂਬੇ ਅੰਦਰ ਕੁਆਰਿਆਂ ਮੁੰਡਿਆਂ ਦੀ ਗਿਣਤੀ ਹੋ ਵਧ ਰਹੀ ਸੀ। ਹੁਣ ਸੂਬੇ ਵਿਚ ਕੁੜੀਆਂ ਦੀ ਘਟ ਰਹੀ ਗਿਣਤੀ ਕਾਰਨ ਪੰਜਾਬ ਦੀ ਤਸਵੀਰ ਬਦਲ ਚੁੱਕੀ ਹੈ 5 ਏਕੜ੍ਹ,10 ਏਕੜ ਅਤੇ 20 ਏਕੜ ਜ਼ਮੀਨ ਦੀ ਮਾਲਕੀ ਵਾਲਾ ਨੌਜਵਾਨ ਵੀ ਚਾਹੁੰਦਾ ਹੈ ਕਿ ਉਹ ਵਿਦੇਸ਼ ਸੈਟਲ ਹੋ ਜਾਵੇ ਜਿਸ ਦੇ ਚਲਦਿਆਂ ਉਹ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾਉਣ ਬਦਲੇ 10 ਜਾਂ 20 ਲੱਖ ਰੁਪਏ ਖਰਚ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਇਸ ਤਰ੍ਹਾਂ ਉਸ ਦੇ ਵਿਆਹ ਅਤੇ ਰੁਜ਼ਗਾਰ ਦੋਵਾਂ ਦਾ ਪ੍ਰਬੰਧ ਹੋ ਜਾਂਦਾ ਹੈ।