
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲੱਦਾਖ਼ 'ਚ ਚੀਨੀ ਫ਼ੌਜ ਦੀ ਘੁਸਪੈਠ ਨੂੰ ਲੈ ਕੇ ਸ਼ੁਕਰਵਾਰ ਨੂੰ ਕਿਹਾ ਕਿ ਅੱਜ ਜਦੋਂ ਸਰਹੱਦ 'ਤੇ ਸੰਕਟ
ਨਵੀਂ ਦਿੱਲੀ, 26 ਜੂਨ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲੱਦਾਖ਼ 'ਚ ਚੀਨੀ ਫ਼ੌਜ ਦੀ ਘੁਸਪੈਠ ਨੂੰ ਲੈ ਕੇ ਸ਼ੁਕਰਵਾਰ ਨੂੰ ਕਿਹਾ ਕਿ ਅੱਜ ਜਦੋਂ ਸਰਹੱਦ 'ਤੇ ਸੰਕਟ ਦੀ ਸਥਿਤੀ ਹੈ ਤਾਂ ਅਜਿਹੇ ਸਮੇਂ ਸਰਕਾਰ ਅਪਣੀ ਜ਼ਿੰਮੇਦਾਰੀ ਤੋਂ ਪਿੱਛੇ ਨਹੀਂ ਹਟ ਸਕਦੀ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ ਕਿ ਜਦੋਂ ਚੀਨੀ ਫ਼ੌਜ ਭਾਰਤ ਦੇ ਭੂ-ਭਾਗ ਦੀ ਇਕਸਾਰਤਾ ਦੀ ਉਲੰਘਣਾ ਕਰ ਰਹੀ ਹੈ ਤਾਂ ਕੀ ਅਜਿਹੀ ਸਥਿਤੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਵਿਸ਼ਵਾਸ਼ 'ਚ ਲੈਣਗੇ?
ਸੋਨੀਆ ਨੇ ਗਲਵਾਨ ਘਾਟੀ 'ਚ ਸ਼ਹੀਦ ਹੋਏ 20 ਫ਼ੌਜੀਆਂ ਦੇ ਸਨਮਾਨ 'ਚ ਕਾਂਗਰਸ ਵਲੋਂ 'ਸ਼ਹੀਦਾਂ ਨੂੰ ਸਲਾਮ ਦਿਵਸ' ਮਨਾਏ ਜਾਣ ਦੇ ਮੌਕੇ 'ਤੇ ਇਕ ਵੀਡੀਉ ਸੰਦੇਸ਼ 'ਚ ਇਹ ਵੀ ਕਿਹਾ ਕਿ ਕਾਂਗਰਸ ਭਾਰਤੀ ਫ਼ੌਜ ਅਤੇ ਫ਼ੌਜੀਆਂ ਨਾਲ ਮਜ਼ਬੂਤੀ ਨਾਲ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸਾਡੀ ਸਰਹੱਦ 'ਚ ਕੋਈ ਘੁਸਪੈਠ ਨਹੀਂ ਹੋਈ, ਪਰ ਦੂਜੇ ਪਾਸੇ ਰਖਿਆ ਮੰਤਰੀ ਅਤੇ ਵਿਦੇਸ਼ ਮੰਤਰਾਲਾ ਵੱਡੀ ਗਿਣਤੀ 'ਚ ਚੀਨੀ ਫ਼ੌਜੀਆਂ ਦੀ ਮੌਜੂਦਗੀ ਅਤੇ ਕਈ ਵਾਰ ਚੀਨੀ ਘੁਸਪੈਠ ਦੀ ਚਰਚਾ ਕਰਦੇ ਹਨ।
File Photo
ਸਾਡੀ ਫ਼ੌਜ ਦੇ ਜਨਰਲ, ਰਖਿਆ ਮਾਹਰ ਅਤੇ ਅਖ਼ਬਾਰਾਂ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਦਿਖਾ ਕੇ ਚੀਨੀ ਘੁਸਪੈਠ ਦੀ ਪੁਸ਼ਟੀ ਕਰ ਰਹੇ ਹਨ।
ਕਾਂਗਰਸ ਪ੍ਰਧਾਨ ਨੇ ਇਹ ਸਵਾਲ ਕੀਤਾ, ''ਅੱਜ ਜਦੋਂ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤਾਂ ਦੇਸ਼ ਜਾਣਨਾ ਚਾਹੁੰਦਾ ਹੈ ਕਿ ਜੇਕਰ ਚੀਨ ਨੇ ਲੱਦਾਖ਼ 'ਚ ਸਾਡੀ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ ਤਾਂ ਫਿਰ ਸਾਡੇ 20 ਫ਼ੌਜੀਆਂ ਦੀ ਸ਼ਹਾਦਤ ਕਿਵੇਂ ਅਤੇ ਕਿਉਂ ਹੋਈ?''
ਉਨ੍ਹਾਂ ਨੇ ਇਹ ਵੀ ਪੁੱਛਿਆ ਕਿ, ''ਚੀਨ ਵਲੋਂ ਲੱਦਾਖ਼ ਇਕਾਲੇ 'ਚ ਕਬਜ਼ਾ ਕੀਤੀ ਗਈ ਸਾਡੀ ਜ਼ਮੀਨ ਨੂੰ ਮੋਦੀ ਸਰਕਾਰ ਕਿਵੇਂ ਅਤੇ ਕਦੋਂ ਵਾਪਸ ਲਏਗੀ? ਕੀ ਚੀਨ ਵਲੋਂ ਗਲਵਾਨ ਘਾਟੀ ਅਤੇ ਪੇਗੋਂਗ ਸੋ ਇਲਾਕੇ 'ਚ ਨਵੀਂ ਉਸਾਰੀ ਅਤੇ ਨਵੇਂ ਬੰਕਰ ਬਣਾ ਕੇ ਸਾਡੀ ਭੂ-ਭਾਗ ਇਕਸਾਰਤਾ ਦੀ ਉਲੰਘਣਾ ਕੀਤਾ ਜਾ ਰਹੀ ਹੈ? ਕੀ ਪ੍ਰਧਾਨ ਮੰਤਰੀ ਇਸ ਵਿਸ਼ੇ 'ਤੇ ਦੇਸ਼ ਨੂੰ ਵਿਸ਼ਵਾਸ਼ 'ਚ ਲੈਣਗੇ?'' (ਪੀਟੀਆਈ)