ਹਰ ਇਕ ਵਿਅਕਤੀ ਨੂੰ ਮਿਲਣਗੇ 21 ਹਜ਼ਾਰ ਰੁਪਏ
ਕਰਨਾਲ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਚਕੂਲਾ ਦੇ ਪਿੰਡ ਖੜਕ ਮੰਗੋਲੀ ਵਿਚ ਆਪਣੀ ਕਾਰ ਸਮੇਤ ਘੱਗਰ ਦਰਿਆ ਵਿਚ ਫਸੀ ਇੱਕ ਔਰਤ ਦੀ ਜਾਨ ਬਚਾਉਣ ਵਾਲੇ 15 ਬਹਾਦਰਾਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਔਰਤ ਦੀ ਜਾਨ ਬਚਾਉਣ ਵਿਚ ਸ਼ਾਮਲ ਵਿਅਕਤੀਆਂ ਨੂੰ ਕੁੱਲ 3,15,000 ਰੁਪਏ ਦੀ ਨਕਦ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਆ ਜਾਵੇਗਾ। ਹਰ ਇਖ ਵਿਅਕਤੀ ਨੂੰ 21 ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਸਾਰੇ ਪੰਚਕੂਲਾ ਦੇ ਖੜਕ ਮੰਗੋਲੀ ਦੇ ਰਹਿਣ ਵਾਲੇ ਹਨ।
ਇਹ ਘਟਨਾ ਐਤਵਾਰ ਦੀ ਹੈ। ਪੰਚਕੂਲਾ ਐਮਡੀਸੀ ਦੀ ਰਹਿਣ ਵਾਲੀ ਔਰਤ ਸੰਗੀਤਾ ਬਜਾਜ (69) ਘੱਗਰ ਨਦੀ ਨੇੜੇ ਪੂਜਾ ਸਮੱਗਰੀ ਵਿਸਰਜਨ ਕਰਨ ਗਈ ਸੀ। ਉਸ ਨੇ ਆਪਣੀ ਕਾਰ ਖੜਕ ਮੰਗੋਲੀ ਨੇੜੇ ਖੜ੍ਹੀ ਕੀਤੀ ਤਾਂ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਕਾਰ ਸਮੇਤ ਦਰਿਆ ਵਿਚ ਰੁੜ ਗਈ। ਇਹ ਦੇਖ ਕੇ ਉਥੇ ਮੌਜੂਦ ਖੜਕ ਮੰਗੋਲੀ ਦੇ 15 ਵਿਅਕਤੀਆਂ (14 ਨੌਜਵਾਨ ਅਤੇ ਇਕ ਲੜਕੀ) ਨੇ ਅਥਾਹ ਹਿੰਮਤ ਦਿਖਾਈ ਅਤੇ ਉਸ ਨੂੰ ਬਚਾਉਣ ਲਈ ਚਲੇ ਗਏ।
ਸਾਰਿਆਂ ਨੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਸੰਗੀਤਾ ਨਾਂ ਦੀ ਮਹਿਲਾ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਨਦੀ ਵਿਚੋਂ ਬਾਹਰ ਕੱਢਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਹਨਾਂ 15 ਲੋਕਾਂ ਦੀ ਬਹਾਦਰੀ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਜਾਨ ਬਚਾਉਣ ਵਾਲਿਆਂ ਵਿੱਚ ਵਿਕਰਮ, ਕਿਸ਼ਨ, ਸੋਨੂੰ, ਸੁਨੀਲ, ਪੱਪੂ ਕੁਮਾਰ, ਛੋਟੇ ਲਾਲ, ਰਕਸ਼ਪਾਲ ਸਿੰਘ ਚੌਹਾਨ, ਸਲੀਮ, ਮਹਿੰਦਰ, ਜਤਿੰਦਰ, ਸੰਜੂ, ਰਣਜੀਤ, ਅਨਿਲ, ਬਬਲੂ ਅਤੇ ਮਮਤਾ ਸ਼ਾਮਲ ਸਨ।