
ਰਾਜਸਥਾਨ ਵਿਚ ਮੌਜੂਦਾ ਰਾਜਸੀ ਸੰਕਟ ਵਿਚਾਲੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਮੰਤਰੀ ਮੰਡਲ ਨੇ ਵਿਧਾਨ ਸਭਾ
ਜੈਪੁਰ, 26 ਜੁਲਾਈ : ਰਾਜਸਥਾਨ ਵਿਚ ਮੌਜੂਦਾ ਰਾਜਸੀ ਸੰਕਟ ਵਿਚਾਲੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਮੰਤਰੀ ਮੰਡਲ ਨੇ ਵਿਧਾਨ ਸਭਾ ਇਜਲਾਸ 31 ਜੁਲਾਈ ਤੋਂ ਬੁਲਾਉਣ ਲਈ ਰਾਜਪਾਲ ਨੂੰ ਸੋਧਿਆ ਹੋਇਆ ਮਤਾ ਭੇਜਿਆ ਹੈ। ਰਾਜ ਭਵਨ ਦੇ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਸੂਤਰਾਂ ਮੁਤਾਬਕ ਸਨਿਚਰਵਾਰ ਦੇਰ ਰਾਤ ਰਾਜਪਾਲ ਕੋਲ ਪੁੱਜੇ ਮਤੇ ਵਿਚ ਰਾਜ ਮੰਤਰੀ ਮੰਡਲ ਨੇ ਵਿਧਾਨ ਸਭਾ ਦਾ ਇਜਲਾਸ 31 ਜੁਲਾਈ ਤੋਂ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਰਾਜਪਾਲ ਕੁਲਰਾਜ ਮਿਸ਼ਰਾ ਨੇ ਵਿਧਾਨ ਸਭਾ ਇਜਲਾਸ ਬੁਲਾਉਣ ਲਈ ਰਾਜ ਭਵਨ ਵਿਚ ਕਾਂਗਰਸ ਵਿਧਾਇਕਾਂ ਦੇ ਸ਼ੁਕਰਵਾਰ ਨੂੰ ਪੰਜ ਘੰਟਿਆਂ ਦੇ ਧਰਨੇ ਮਗਰੋਂ ਰਾਜ ਸਰਕਾਰ ਕੋਲੋਂ ਛੇ ਬਿੰਦੂਆਂ ਬਾਰੇ ਸਪੱਸ਼ਟੀਕਰਨ ਮੰਗਿਆ ਸੀ।
Ashok Ghelot
ਕਾਂਗਰਸ ਪਾਰਟੀ ਦੇ ਸੂਤਰਾਂ ਮੁਤਾਬਕ ਰਾਜਪਾਲ ਦੇ ਭਰੋਸੇ ਮਗਰੋਂ ਰਾਜ ਭਵਨ ਵਿਚ ਧਰਨਾ ਖ਼ਤਮ ਕਰ ਦਿਤਾ ਗਿਆ ਸੀ। ਮਿਸ਼ਰਾ ਨੇ ਕਿਹਾ ਸੀ ਕਿ ਸੰਵਿਧਾਨਕ ਮਰਿਯਾਦਾ ਤੋਂ ਉਪਰ ਕੋਈ ਨਹੀਂ ਹੁੰਦਾ ਅਤੇ ਕਿਸੇ ਤਰ੍ਹਾਂ ਦੀ ਦਬਾਅ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠ ਸਨਿਚਰਵਾਰ ਸ਼ਾਮ ਨੂੰ ਮੁੱਖ ਮੰਤਰੀ ਦੇ ਘਰ ਬੈਠਕ ਹੋਈ ਸੀ ਜਿਸ ਵਿਚ ਉਨ੍ਹਾਂ ਬਿੰਦੂਆਂ 'ਤੇ ਚਰਚਾ ਕੀਤੀ ਗਈ ਜੋ ਰਾਜਪਾਲ ਨੇ ਪਹਿਲੇ ਮਤੇ ਵਿਚ ਚੁਕੇ ਸਨ। ਫਿਰ ਸੋਧਿਆ ਹੋਇਆ ਮਤਾ ਮਨਜ਼ੂਰ ਕੀਤਾ ਗਿਆ। (ਏਜੰਸੀ)