
ਸਾਰੇ ਸਿੱਖਾਂ ਦੇ ਅਗੱਸਤ ਮਹੀਨੇ ਦੇ ਅਖ਼ੀਰ ਤਕ ਆ ਜਾਣ ਦੀ ਆਸ
ਨਵੀਂ ਦਿੱਲੀ, 26 ਜੁਲਾਈ (ਸੁਖਰਾਜ ਸਿੰਘ): ਅਫ਼ਗ਼ਾਨਿਸਤਾਨ ਤੋਂ ਅੱਜ ਇਥੇ ਦਿੱਲੀ ਹਵਾਈ ਅੱਡੇ ਪੁੱਜਣ 'ਤੇ ਸਿੱਖਾਂ ਦੇ ਪਹਿਲੇ ਜਥੇ ਦਾ ਸਵਾਗਤ ਕੀਤਾ ਗਿਆ।
ਤਾਲਿਬਾਨ ਹੱਥੋਂ ਨਰਕ ਵਰਗੀ ਜ਼ਿੰਦਗੀ ਸਹਿਣ ਤੋਂ ਬਾਅਦ ਇਹ ਸਿੱਖ ਇਥੇ ਸਥਾਈ ਤੌਰ 'ਤੇ ਰਹਿਣ ਵਾਸਤੇ ਆਏ ਹਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਇਨ੍ਹਾਂ ਸਿੱਖਾਂ ਨੂੰ ਰਹਿਣ ਲਈ ਥਾਂ ਤੇ ਹੋਰ ਸਹੂਲਤਾਂ ਪ੍ਰਦਾਨ ਕਰੇਗੀ। ਉਨ੍ਹਾਂ ਦਸਿਆ ਕਿ ਅਗਲੇ ਜਥੇ ਵਿਚ 70 ਅਤੇ ਉਸ ਤੋਂ ਅਗਲੇ 'ਚ 125 ਸਿੱਖ ਇਥੇ ਪਹੁੰਚਣਗੇ ਅਤੇ 600 ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ
File Photo
ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਅਗੱਸਤ ਦੇ ਅਖ਼ੀਰ ਤਕ ਸਾਰੇ ਸਿੱਖਾਂ ਨੂੰ ਇਥੇ ਲਿਆਂਦਾ ਜਾਵੇ ਤੇ ਇਨ੍ਹਾਂ ਸਿੱਖਾਂ ਦੇ ਗੁਰਦਵਾਰਿਆਂ ਦੀਆਂ ਸਰਾਵਾਂ ਵਿਚ ਰਹਿਣ ਦਾ ਇੰਤਜ਼ਾਮ ਕੀਤਾ ਹੈ। ਅੱਜ ਆਇਆਂ ਵਿਚ ਨਿਧਾਨ ਸਿੰਘ, ਚਰਨ ਕੌਰ ਸਿੰਘ, ਬਲਵਾਨ ਕੌਰ ਸਿੰਘ, ਗੁਰਜੀਤ ਸਿੰਘ, ਮਨਮੀਤ ਕੌਰ, ਮਨਦੀਪ ਸਿੰਘ, ਪੂਨਮ ਕੌਰ ਤੇ ਪਰਵੀਨ ਸਿੰਘ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ ਦਸਿਆ ਕਿ ਉਨ੍ਹਾਂ ਨੂੰ ਤਾਲਿਬਾਨ ਤੇ ਹੋਰ ਕੱਟੜ ਜਥੇਬੰਦੀਆਂ ਵਲੋਂ ਸਰੀਰਕ ਤੇ ਮਾਨਸਕ ਤਸ਼ੱਦਦ ਦਿਤਾ ਜਾਂਦਾ ਤੇ ਮਦਦ ਕਰਨ ਵਾਲਾ ਕੋਈ ਨਹੀਂ ਸੀ। ਉਨ੍ਹਾਂ ਕਿਹਾ ਕਿ ਮੰਦਰਾਂ ਦੇ ਸਾਹਮਣੇ ਗਊ ਦਾ ਮਾਸ ਵੇਚਿਆ ਜਾਂਦਾ ਹੈ ਤੇ ਸਾਡੀ ਜ਼ਿੰਦਗੀ ਨਰਕ ਬਣੀ ਹੋਈ ਸੀ।