
Delhi News :
Delhi News : ਕਾਂਗਰਸ ਨੇ ਸਨਿਚਰਵਾਰ ਨੂੰ ਕੇਂਦਰੀ ਬਜਟ ’ਚ ਸੋਨੇ ’ਤੇ ਵੱਖ-ਵੱਖ ਟੈਕਸਾਂ ’ਚ ਭਾਰੀ ਕਟੌਤੀ ਦੇ ਪਿੱਛੇ ਆਰਥਿਕ ਤਰਕ ’ਤੇ ਸਵਾਲ ਚੁੱਕੇ।
ਮੁੱਖ ਵਿਰੋਧੀ ਪਾਰਟੀ ਦੀ ਇਹ ਟਿਪਣੀ ਕੋਟਕ ਮਹਿੰਦਰਾ ਦੇ ਐਮ.ਡੀ. ਅਤੇ ਸੀ.ਈ.ਓ. ਨੀਲੇਸ਼ ਸ਼ਾਹ ਵਲੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਕਸਟਮ ਡਿਊਟੀ ’ਚ ਕਟੌਤੀ ਅਤੇ ਕੌਮਾਂਤਰੀ ਕੀਮਤਾਂ ’ਚ ਵਾਧੇ ਦੇ ਮੱਦੇਨਜ਼ਰ ਭਾਰਤ ਦੇ ਸੋਨੇ ਦੇ ਆਯਾਤ ਬਿਲ ’ਚ ਕਿਸੇ ਵੀ ਉਛਾਲ ’ਤੇ ਨਜ਼ਰ ਰੱਖਣ ਦੀ ਅਪੀਲ ਕਰਨ ਤੋਂ ਬਾਅਦ ਆਈ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਸ਼ਾਹ ਵਿੱਤੀ ਜਗਤ ’ਚ ਬਹੁਤ ਸਤਿਕਾਰਯੋਗ ਨਾਮ ਹਨ ਅਤੇ ਪ੍ਰਧਾਨ ਮੰਤਰੀ ਦੀ ਆਰਥਕ ਸਲਾਹਕਾਰ ਕੌਂਸਲ ਦੇ ਮੈਂਬਰ ਵੀ ਹਨ। ਅਰਥਵਿਵਸਥਾ ਨੂੰ ਛੱਡ ਕੇ ਸਾਰੇ ਮੁੱਦਿਆਂ ’ਤੇ ਬੋਲਣ ਵਾਲੇ ਹੋਰ ਮੈਂਬਰਾਂ ਦੇ ਉਲਟ, ਸ਼ਾਹ ਅਰਥਵਿਵਸਥਾ ਨਾਲ ਜੁੜੇ ਮਾਮਲਿਆਂ ਤੋਂ ਬੇਪਰਵਾਹ ਰਹਿੰਦੇ ਹਨ।’’
ਰਮੇਸ਼ ਨੇ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ਸੋਨੇ ਦੇ ਆਯਾਤ ’ਤੇ ਸ਼ਾਹ ਦੀਆਂ ਤਾਜ਼ਾ ਟਿਪਣੀਆਂ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦਾ ਕਹਿਣਾ ਹੈ, ‘‘ਵਿੱਤੀ ਸਾਲ 2023-24 ’ਚ ਭਾਰਤ ਦਾ ਸੋਨੇ ਦਾ ਆਯਾਤ 45.4 ਅਰਬ ਡਾਲਰ ਰਿਹਾ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 30 ਫੀ ਸਦੀ ਜ਼ਿਆਦਾ ਹੈ। ਇਹ ਸ਼ਾਇਦ ਹੀ ਬਹਿਸ ਯੋਗ ਹੈ ਕਿ ਸੋਨੇ ਦਾ ਆਯਾਤ ਆਰਥਕ ਵਿਕਾਸ ’ਚ ਬਹੁਤ ਘੱਟ ਯੋਗਦਾਨ ਪਾਉਂਦਾ ਹੈ। ਇਸ ਦੇ ਬਾਵਜੂਦ ਬਜਟ 2024-25 ’ਚ ਸੋਨੇ ’ਤੇ ਆਯਾਤ ਡਿਊਟੀ 10 ਫੀ ਸਦੀ ਤੋਂ ਘਟਾ ਕੇ 6 ਫੀ ਸਦੀ ਕਰ ਦਿਤੀ ਗਈ ਹੈ।’’
ਰਮੇਸ਼ ਨੇ ਕਿਹਾ, ‘‘ਖੇਤੀਬਾੜੀ ਬੁਨਿਆਦੀ ਢਾਂਚੇ ਅਤੇ ਵਿਕਾਸ ਸੈੱਸ ’ਚ ਕਟੌਤੀ ਨਾਲ ਹੀ ਸੋਨੇ ’ਤੇ ਕੁਲ ਟੈਕਸ (ਜੀ.ਐਸ.ਟੀ. ਸਮੇਤ) ਪ੍ਰਭਾਵਸ਼ਾਲੀ ਢੰਗ ਨਾਲ 18.5 ਫ਼ੀ ਸਦੀ ਤੋਂ ਘਟ ਕੇ 9 ਫ਼ੀ ਸਦੀ ਹੋ ਗਿਆ ਹੈ।’’ ਉਨ੍ਹਾਂ ਸਵਾਲ ਕੀਤਾ, ‘‘ਇਸ ਦਾ ਆਰਥਕ ਤਰਕ ਕੀ ਹੈ?’’ (ਪੀਟੀਆਈ)
(For more news apart from Congress questioned the economic logic of tax reduction on gold News in Punjabi, stay tuned to Rozana Spokesman)