
ਮੰਗਲਵਾਰ ਲਈ ਚਾਰ ਜ਼ਿਲ੍ਹਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ, ਤੂਫਾਨ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ
ਸ਼ਿਮਲਾ : ਹਿਮਾਚਲ ਪ੍ਰਦੇਸ਼ ’ਚ 20 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਮੀਂਹ ਕਾਰਨ 1500 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਹੁਣ ਤਕ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 88 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 35 ਲਾਪਤਾ ਹੋ ਗਏ ਹਨ ਅਤੇ ਸੂਬੇ ਵਿਚ 1,316 ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਉਤੇ ਨੁਕਸਾਨੇ ਗਏ ਹਨ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ (ਐਸ.ਈ.ਓ.ਸੀ.) ਅਨੁਸਾਰ, ਇਸ ਮਾਨਸੂਨ ਦੌਰਾਨ ਰਾਜ ਵਿਚ 42 ਹੜ੍ਹ, ਬੱਦਲ ਫਟਣ ਅਤੇ 32 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ।
ਸਥਾਨਕ ਮੌਸਮ ਵਿਭਾਗ ਨੇ ਐਤਵਾਰ ਨੂੰ ਚਾਰ ਜ਼ਿਲ੍ਹਿਆਂ ਕਾਂਗੜਾ, ਕੁਲੂ ਮੰਡੀ ਅਤੇ ਸ਼ਿਮਲਾ ਦੇ ਵੱਖ-ਵੱਖ ਇਲਾਕਿਆਂ ਵਿਚ ਮੰਗਲਵਾਰ ਲਈ ਭਾਰੀ ਤੋਂ ਬਹੁਤ ਭਾਰੀ ਮੀਂਹ ਅਤੇ ਤੂਫਾਨ ਅਤੇ ਬਿਜਲੀ ਡਿੱਗਣ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ।
ਮੀਂਹ ਕਾਰਨ ਐਤਵਾਰ ਸ਼ਾਮ ਨੂੰ ਦੋ ਕੌਮੀ ਰਾਜਮਾਰਗਾਂ ਸਮੇਤ ਲਗਭਗ 200 ਸੜਕਾਂ ਗੱਡੀਆਂ ਦੀ ਆਵਾਜਾਈ ਲਈ ਬੰਦ ਕਰ ਦਿਤੀਆਂ ਗਈਆਂ ਸਨ ਅਤੇ ਰਾਜ ਭਰ ਵਿਚ 75 ਬਿਜਲੀ ਵੰਡ ਟਰਾਂਸਫਾਰਮਰ ਅਤੇ 97 ਜਲ ਸਪਲਾਈ ਸਕੀਮਾਂ ਵੀ ਪ੍ਰਭਾਵਤ ਹੋਈਆਂ ਹਨ।