
ਇਕ ਜੋੜੇ ਨੂੰ ਡੀ.ਐਨ.ਏ. ਟੈਸਟ ਰਾਹੀਂ ਪਤਾ ਲੱਗਿਆ ਕਿ ਸਰੋਗੇਸੀ ਰਾਹੀਂ ਪੈਦਾ ਹੋਇਆ ਬੱਚਾ ਉਨ੍ਹਾਂ ਦਾ ਨਹੀਂ
ਹੈਦਰਾਬਾਦ : ਹੈਦਰਾਬਾਦ ’ਚ ਸਰੋਗੇਸੀ ਅਤੇ ਬੱਚੇ ਵੇਚਣ ਦੇ ਇਕ ਗੈਰ-ਕਾਨੂੰਨੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਮੁੱਖ ਮੁਲਜ਼ਮ ਡਾਕਟਰ ਅਤੇ ਇਕ ਪ੍ਰਜਨਨ ਕਲੀਨਿਕ ਦੇ ਮਾਲਕ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਘਪਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਜੋੜੇ ਨੂੰ ਡੀ.ਐਨ.ਏ. ਟੈਸਟ ਰਾਹੀਂ ਪਤਾ ਲੱਗਿਆ ਕਿ ਸਰੋਗੇਸੀ ਰਾਹੀਂ ਪੈਦਾ ਹੋਇਆ ਬੱਚਾ ਉਨ੍ਹਾਂ ਦਾ ਨਹੀਂ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਪਹੁੰਚ ਕੀਤੀ। ਉਨ੍ਹਾਂ ਨੇ ਦਸਿਆ ਕਿ ਮੁੱਖ ਮੁਲਜ਼ਮ ਡਾਕਟਰ ਏ. ਨਮਰਥਾ (64) ਨੇ ਅਪਣੇ ਸਾਥੀਆਂ ਅਤੇ ਏਜੰਟਾਂ ਨਾਲ ਮਿਲ ਕੇ ਕਮਜ਼ੋਰ ਔਰਤਾਂ, ਖਾਸ ਤੌਰ ਉਤੇ ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਪੈਸੇ ਅਤੇ ਹੋਰ ਕਾਰਨਾਂ ਦੇ ਬਦਲੇ ਉਨ੍ਹਾਂ ਨੂੰ ਗਰਭਅਵਸਥਾ ਜਾਰੀ ਰੱਖਣ ਦਾ ਲਾਲਚ ਦਿਤਾ।
ਪੁਲਿਸ ਡਿਪਟੀ ਕਮਿਸ਼ਨਰ (ਉੱਤਰੀ ਜ਼ੋਨ-ਹੈਦਰਾਬਾਦ) ਐਸ. ਰਸ਼ਮੀ ਪੇਰੂਮਲ ਨੇ ਦਸਿਆ ਕਿ ਇਨ੍ਹਾਂ ਨਵਜੰਮੇ ਬੱਚਿਆਂ ਨੂੰ ਸਰੋਗੇਸੀ ਰਾਹੀਂ ਪੈਦਾ ਹੋਏ ਬੱਚਿਆਂ ਵਜੋਂ ਮਾਪਿਆਂ ਨੂੰ ਸੌਂਪ ਦਿਤਾ ਜਾਂਦਾ ਸੀ, ਜਿਸ ਨਾਲ ਗਾਹਕਾਂ ਨੂੰ ਗੁਮਰਾਹ ਕੀਤਾ ਗਿਆ ਕਿ ਬੱਚੇ ਉਨ੍ਹਾਂ ਦੇ ਹੀ ਹਨ।