
ਨੀਰਵ ਮੋਦੀ ਹਵਾਲਗੀ ਮਾਮਲੇ 'ਚ ਫ਼ੈਸਲਾ 1 ਦਸੰਬਰ ਤੋਂ ਬਾਅਦ ਆਉਣ ਦੀ ਉਮੀਦ
ਲੰਡਨ, 27 ਅਗੱਸਤ : ਪੰਜਾਬ ਨੈਸ਼ਨਲ ਬੈਂਕ ਨਾਲ ਲਗਭਗ ਦੋ ਅਰਬ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ 'ਚ ਭਗੌੜੇ ਹੀਰੇ ਦੇ ਵਪਾਰੀ ਨੀਰਵ ਮੋਦੀ ਵਿਰੁਧ ਯੂਕੇ 'ਚ ਹਵਾਲਗੀ ਮਾਮਲੇ 'ਚ ਫ਼ੈਸਲਾ 1 ਦਸੰਬਰ ਤੋਂ ਬਾਅਦ ਸੁਣਾਇਆ ਜਾਵੇਗਾ। ਲੰਡਨ 'ਚ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ 'ਚ ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਜ਼ਿਲ੍ਹਾ ਜੱਜ ਸੈਮੂਅਲ ਗੂਜੀ ਮਾਮਲੇ 'ਚ 7 ਤੋਂ 11 ਸਤੰਬਰ ਤਕ ਦੂਜੇ ਪੜਾਅ ਦੀ ਸੁਣਵਾਈ ਲਈ ਸਹਿਮਤ ਹੋਏ। ਭਾਰਤੀ ਅਧਿਕਾਰੀਆਂ ਨੇ ਹਵਾਲਗੀ ਦੀ ਬੇਨਤੀ ਕੀਤੀ ਹੈ ਅਤੇ ਇਸ ਸਾਲ ਦੇ ਸ਼ੁਰੂ ਵਿਚ ਬ੍ਰਿਟਿਸ਼ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੁਆਰਾ ਪ੍ਰਮਾਣਤ ਕੀਤਾ ਗਿਆ ਸੀ। ਉਸ 'ਤੇ ਇਸ ਮਾਮਲੇ 'ਚ ਸਬੂਤਾਂ ਨੂੰ ਮਿਟਾਉਣ ਅਤੇ ਗਵਾਹਾਂ ਨੂੰ ਧਮਕੀ ਦੇਣ ਦਾ ਵੀ ਦੋਸ਼ ਹੈ। ਅਦਾਲਤ ਨੇ 3 ਨਵੰਬਰ ਨੂੰ ਵਾਧੂ ਸੁਣਵਾਈ ਵੀ ਤੈਅ ਕੀਤੀ ਹੈ। ਇਸ ਤੋਂ ਬਾਅਦ 1 ਦਸੰਬਰ ਨੂੰ ਦੋਵੇਂ ਧਿਰਾਂ ਅਪਣੀ ਅੰਤਮ ਦਲੀਲਾਂ ਦੇਣਗੀਆਂ। (ਪੀਟੀਆਈ)