
ਨੈਸ਼ਨਲ ਕਾਨਫਰੰਸ ਨੇ 32 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
ਸ਼੍ਰੀਨਗਰ: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2024 ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਨੈਸ਼ਨਲ ਕਾਨਫਰੰਸ ਨੇ ਮੰਗਲਵਾਰ ਨੂੰ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਇਸ ਵਿੱਚ 32 ਨਾਮ ਹਨ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਗੰਦਰਬਲ ਤੋਂ ਅਤੇ ਤਨਵੀਰ ਸਾਦਿਕ ਜਾਦੀਬਲ ਸੀਟ ਤੋਂ ਚੋਣ ਲੜਨਗੇ। ਇਸ ਦੇ ਨਾਲ ਹੀ ਪਾਰਟੀ ਨੇ ਹੁਣ ਤੱਕ 50 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇੱਕ ਸੀਟ ਦਾ ਐਲਾਨ ਹੋਣਾ ਬਾਕੀ ਹੈ।
ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਇਕੱਠੇ ਲੜ ਰਹੇ ਹਨ। ਕਾਂਗਰਸ ਨੇ 26 ਅਗਸਤ ਦੀ ਰਾਤ ਨੂੰ 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵਿਚਾਲੇ ਸੀਟ ਵੰਡ ਫਾਰਮੂਲੇ ਨੂੰ 26 ਅਗਸਤ ਨੂੰ ਹੀ ਅੰਤਿਮ ਰੂਪ ਦਿੱਤਾ ਗਿਆ ਸੀ। ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 90 ਵਿਧਾਨ ਸਭਾ ਸੀਟਾਂ 'ਚੋਂ ਨੈਸ਼ਨਲ ਕਾਨਫਰੰਸ 51 ਸੀਟਾਂ 'ਤੇ ਅਤੇ ਕਾਂਗਰਸ 32 ਸੀਟਾਂ 'ਤੇ ਚੋਣ ਲੜ ਰਹੀ ਹੈ।
ਇਸ ਦੇ ਨਾਲ ਹੀ 5 ਸੀਟਾਂ 'ਤੇ ਦੋਸਤਾਨਾ ਮੁਕਾਬਲਾ ਹੋਵੇਗਾ। ਜਦਕਿ ਸੀਪੀਆਈ (ਐਮ) ਅਤੇ ਪੈਂਥਰਜ਼ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ 21 ਅਗਸਤ ਦੀ ਸ਼ਾਮ ਨੂੰ ਸ਼੍ਰੀਨਗਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਗਠਜੋੜ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਨੈਸ਼ਨਲ ਕਾਨਫਰੰਸ ਨਾਲ ਮੀਟਿੰਗ ਕੀਤੀ।
ਦੂਜੇ ਪਾਸੇ ਜੰਮੂ-ਕਸ਼ਮੀਰ ਚੋਣਾਂ ਨੂੰ ਲੈ ਕੇ ਭਾਜਪਾ ਦੇ ਖੇਮੇ ਵਿੱਚ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਸੋਮਵਾਰ ਨੂੰ ਪਾਰਟੀ ਨੇ 44 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਪਰ ਭਾਰੀ ਵਿਰੋਧ ਦੇ ਬਾਵਜੂਦ ਪਾਰਟੀ ਨੂੰ ਦੋ ਘੰਟਿਆਂ ਦੇ ਅੰਦਰ ਹੀ ਇਹ ਨਾਂ ਵਾਪਸ ਲੈਣੇ ਪਏ। ਇਸ ਤੋਂ ਬਾਅਦ ਭਾਜਪਾ ਨੇ 15 ਉਮੀਦਵਾਰਾਂ ਦੀ ਦੂਜੀ ਅਤੇ ਇੱਕ ਉਮੀਦਵਾਰ ਦੀ ਤੀਜੀ ਸੂਚੀ ਜਾਰੀ ਕੀਤੀ।