
ਪੁਲਿਸ ਨੇ ਮਾਮਲਾ ਦਰਜ ਕਰ ਕੇ ਕੀਤੀ ਜਾਂਚ ਸ਼ੁਰੂ
ਨੋਇਡਾ: ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹਾ ਮੈਜਿਸਟ੍ਰੇਟ ਦੇ ਨਾਂ 'ਤੇ ਇੱਕ ਫ਼ਰਜ਼ੀ ਟਵਿੱਟਰ ਹੈਂਡਲ ਬਣਾ ਕੇ ਇੱਕ ਮਹਿਲਾ ਪੱਤਰਕਾਰ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਇਤਰਾਜ਼ਯੋਗ ਫੋਟੋ ਸ਼ੇਅਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਫੋਟੋ ਵਿਚ ਇੱਕ ਮਹਿਲਾ ਪੱਤਰਕਾਰ ਅਤੇ ਇੱਕ ਸੰਤ ਇਤਰਾਜ਼ਯੋਗ ਹਾਲਤ ਵਿਚ ਨਜ਼ਰ ਆ ਰਹੇ ਹਨ। ਮਹਿਲਾ ਪੱਤਰਕਾਰ ਦੀ ਸ਼ਿਕਾਇਤ ’ਤੇ ਸੈਕਟਰ 24 ਥਾਣੇ ਵਿਚ ਰਿਪੋਰਟ ਦਰਜ ਕਰ ਲਈ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਜ਼ੋਨ-1) ਨੇ ਦੱਸਿਆ ਕਿ ਮਹਿਲਾ ਪੱਤਰਕਾਰ ਨੇ ਥਾਣਾ ਸੈਕਟਰ 24 ਵਿਚ ਕੇਸ ਦਰਜ ਕਰਵਾਇਆ ਹੈ। ਦੋਸ਼ ਹੈ ਕਿ ਇਸ ਟਵਿੱਟਰ ਹੈਂਡਲ ਤੋਂ 16 ਸਤੰਬਰ ਨੂੰ ਡੀਕੇ ਖਾਨ ਨਾਂ ਦੇ ਵਿਅਕਤੀ ਨੇ ਇਕ ਮਹਿਲਾ ਪੱਤਰਕਾਰ ਦੀ ਅਸ਼ਲੀਲ ਫੋਟੋ ਸ਼ੇਅਰ ਕੀਤੀ ਸੀ। ਇਸ ਹੈਂਡਲ ਤੋਂ ਸਾਧੂਆਂ ਅਤੇ ਪੱਤਰਕਾਰਾਂ ਲਈ ਕਈ ਵਾਰ ਵਿਵਾਦਿਤ ਟਵੀਟ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਦੋਸ਼ੀ ਨੇ ਗਾਜ਼ੀਪੁਰ ਦੇ ਡੀਐੱਮ ਦੇ ਨਾਂ 'ਤੇ ਫਰਜ਼ੀ ਟਵਿਟਰ ਹੈਂਡਲ ਬਣਾ ਕੇ ਇਤਰਾਜ਼ਯੋਗ ਤਸਵੀਰ ਪੋਸਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਘਟਨਾ ਦੀ ਰਿਪੋਰਟ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਗਾਜ਼ੀਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਮਾਮਲਾ 23 ਸਤੰਬਰ ਨੂੰ ਜਨਤਕ ਸੁਣਵਾਈ ਦੌਰਾਨ ਧਿਆਨ ਵਿਚ ਆਇਆ। ਬਿਆਨ ਵਿਚ ਕਿਹਾ ਗਿਆ ਹੈ ਕਿ ਫਰਜ਼ੀ ਟਵਿੱਟਰ ਖਾਤਾ ਪਹਿਲਾਂ 'ਡੀਐਮ ਆਰਿਅਕਾ ਅਖੌਰੀ' ਅਤੇ ਇਸ ਸਮੇਂ 'ਫੈਨ ਆਫ ਆਰਿਅਕਾ ਅਖੌਰੀ' ਦੇ ਨਾਂ 'ਤੇ ਚਲਾਇਆ ਜਾ ਰਿਹਾ ਹੈ।
ਇਸ ਟਵਿੱਟਰ ਹੈਂਡਲ 'ਤੇ ਗੁੰਮਰਾਹਕੁੰਨ ਜਾਣਕਾਰੀ ਦਿੱਤੀ ਜਾ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਖੌਰੀ ਦਾ ਟਵਿੱਟਰ 'ਤੇ ਸਿਰਫ਼ ਇਕ ਅਧਿਕਾਰਤ ਖਾਤਾ ਹੈ, ਇਸ ਤੋਂ ਇਲਾਵਾ ਹੋਰ ਕੋਈ ਟਵਿੱਟਰ ਖਾਤਾ ਨਹੀਂ ਹੈ।