ਵਿਸ਼ੇਸ਼ ਜਾਂਚ ਟੀਮ ਦਾ ਗਠਨ
ਉਜੈਨ/ਇੰਦੌਰ: ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਵਿਚ ਸੋਮਵਾਰ ਨੂੰ ਇਕ 12 ਸਾਲਾਂ ਦੀ ਕੁੜੀ ਸੜਕ ’ਤੇ ਖੂਨ ਨਾਲ ਲਥਪਥ ਹਾਲਤ ਵਿਚ ਮਿਲੀ ਅਤੇ ਡਾਕਟਰੀ ਜਾਂਚ ਵਿਚ ਉਸ ਨਾਲ ਜਬਰ ਜਨਾਹ ਹੋਣ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਦਸਿਆ ਕਿ ਮਾਮਲੇ ਦੀ ਜਾਂਚ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਗਈ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇੰਦੌਰ ’ਚ ਪੱਤਰਕਾਰਾਂ ਨੂੰ ਦਸਿਆ ਕਿ ਉਜੈਨ ’ਚ ਜਬਰ ਜਨਾਹ ਦਾ ਸ਼ਿਕਾਰ ਹੋਈ 12 ਸਾਲਾਂ ਦੀ ਬੱਚੀ ਦਾ ਇਲਾਜ ਚਲ ਰਿਹਾ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਮੰਤਰੀ ਨੇ ਕਿਹਾ, ‘‘ਕੁੜੀ ਉਜੈਨ ਤੋਂ ਬਾਹਰ ਕਿਸੇ ਇਲਾਕੇ ਦੀ ਜਾਪਦੀ ਹੈ। ਕਿਉਂਕਿ ਉਹ (ਘਟਨਾ ਬਾਰੇ) ਸਹੀ ਢੰਗ ਨਾਲ ਜਵਾਬ ਦੇਣ ਦੇ ਯੋਗ ਨਹੀਂ ਹੈ। ਇਸ ਲਈ ਮਾਹਰਾਂ ਅਤੇ ਕੌਂਸਲਰਾਂ ਦੀ ਮਦਦ ਨਾਲ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’ ਇਸ ਤੋਂ ਪਹਿਲਾਂ ਇਕ ਪੁਲਿਸ ਅਧਿਕਾਰੀ ਨੇ ਬੁਧਵਾਰ ਨੂੰ ਕਿਹਾ ਸੀ ਕਿ 25 ਸਤੰਬਰ ਨੂੰ ਇੱਥੇ ਮਿਲੀ ਕੁੜੀ ਸ਼ਾਇਦ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਦੀ ਹੈ, ਪਰ ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ ਕਿਉਂਕਿ ਉਹ ਪੁਲਿਸ ਨੂੰ ਅਪਣਾ ਨਾਂ ਅਤੇ ਪਤਾ ਸਹੀ ਢੰਗ ਨਾਲ ਨਹੀਂ ਦੱਸ ਸਕੀ ਹੈ।
ਐਸ.ਪੀ. (ਐਸ.ਪੀ.) ਸਚਿਨ ਸ਼ਰਮਾ ਨੇ ਦਸਿਆ, ‘‘ਸੋਮਵਾਰ ਨੂੰ ਉਜੈਨ ਦੇ ਮਹਾਕਾਲ ਥਾਣਾ ਖੇਤਰ ’ਚ ਇਕ ਸੜਕ ’ਤੇ ਲਗਭਗ 12 ਸਾਲ ਦੀ ਇਕ ਕੁੜੀ ਖੂਨ ਨਾਲ ਲਥਪਥ ਮਿਲੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰੀ ਜਾਂਚ ’ਚ ਪੁਸ਼ਟੀ ਹੋਈ ਕਿ ਉਹ ਜਬਰ ਜਨਾਹ ਕੀਤਾ ਗਿਆ ਸੀ।’’ ਐੱਸ.ਪੀ. ਨੇ ਦਸਿਆ ਕਿ ਨਾਬਾਲਗ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅਗਲੇ ਇਲਾਜ ਲਈ ਮੰਗਲਵਾਰ ਨੂੰ ਇੰਦੌਰ ਲਿਜਾਇਆ ਗਿਆ। ਉਨ੍ਹਾਂ ਦਸਿਆ ਕਿ ਥਾਣਾ ਮਹਾਕਾਲ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਪੀੜਤਾ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਕਮਲਨਾਥ ਨੇ ਬੁਧਵਾਰ ਨੂੰ ਕਿਹਾ, ‘‘ਉਜੈਨ ’ਚ ਇਕ ਛੋਟੀ ਬੱਚੀ ਨਾਲ ਬੇਹੱਦ ਬੇਰਹਿਮ ਜਬਰ ਜਨਾਹ ਦਾ ਮਾਮਲਾ ਵੇਖ ਕੇ ਦਿਲ ਕੰਬ ਗਿਆ। 12 ਸਾਲ ਦੀ ਬੱਚੀ ਨਾਲ ਜਿਸ ਤਰ੍ਹਾਂ ਦਾ ਜਬਰ ਜਨਾਹ ਹੋਇਆ ਹੈ, ਉਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿਤਾ ਹੈ। ਅਜਿਹੀ ਘਿਨਾਉਣੀ ਘਟਨਾ ਪ੍ਰਸ਼ਾਸਨ ਅਤੇ ਸਮਾਜ ’ਤੇ ਕਲੰਕ ਹੈ।’’
ਕਾਂਗਰਸੀ ਆਗੂ ਨੇ ਕਿਹਾ ਕਿ ਮੱਧ ਪ੍ਰਦੇਸ਼ ’ਚ ਕਾਨੂੰਨ ਦਾ ਰਾਜ ਖਤਮ ਹੋ ਗਿਆ ਹੈ ਅਤੇ ਅਪਰਾਧੀ ਸ਼ਰੇਆਮ ਘੁੰਮ ਰਹੇ ਹਨ ਜਦਕਿ ਜਨਤਾ ਚਿੰਤਤ ਹੈ। ਇਸ ਮਾਮਲੇ ’ਚ ਸੂਬੇ ਦੀ ਭਾਜਪਾ ਸਰਕਾਰ ’ਤੇ ਕਾਂਗਰਸ ਦੇ ਹਮਲਿਆਂ ਬਾਰੇ ਪੁੱਛੇ ਜਾਣ ’ਤੇ ਗ੍ਰਹਿ ਮੰਤਰੀ ਨੇ ਪਲਟਵਾਰ ਕੀਤਾ, ‘‘ਕੀ ਤੁਹਾਨੂੰ ਕਾਂਗਰਸ ਤੋਂ ਸਰਟੀਫਿਕੇਟ ਦੀ ਲੋੜ ਪਵੇਗੀ?’’