ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਆਈ. ਨੇ ਦਿੱਲੀ ਸਰਕਾਰ ਦੇ ਅਣਪਛਾਤੇ ਜਨਤਕ ਸੇਵਕਾਂ ਵਿਰੁਧ ਪੀ.ਈ. ਦਰਜ ਕੀਤੀ ਹੈ।
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਵੀਂ ਸਰਕਾਰੀ ਰਿਹਾਇਸ਼ ਦੇ ਨਿਰਮਾਣ ਦੇ ਸਬੰਧ ਵਿਚ ਕਥਿਤ ‘ਬੇਨਿਯਮੀਆਂ ਅਤੇ ਬਦਇੰਤਜ਼ਾਮੀ’ ਨੂੰ ਲੈ ਕੇ ਮੁਢਲੀ ਜਾਂਚ (ਪੀ.ਈ.) ਦਰਜ ਕੀਤੀ ਹੈ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਦਿੱਲੀ ’ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ‘ਆਪ’ ਨੂੰ ਤਬਾਹ ਕਰਨ ਲਈ ਅਪਣੀ ਸਾਰੀ ਤਾਕਤ ਵਰਤਣ ਦਾ ਦੋਸ਼ ਲਗਾਇਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਆਈ. ਨੇ ਦਿੱਲੀ ਸਰਕਾਰ ਦੇ ਅਣਪਛਾਤੇ ਜਨਤਕ ਸੇਵਕਾਂ ਵਿਰੁਧ ਪੀ.ਈ. ਦਰਜ ਕੀਤੀ ਹੈ। ਪੀ.ਈ. ਨੂੰ ਇਹ ਵੇਖਣ ਲਈ ਦਾਇਰ ਕੀਤਾ ਜਾਂਦਾ ਹੈ ਕਿ ਕੀ ਦੋਸ਼ਾਂ ’ਤੇ ਐਫ.ਆਈ.ਆਰ. ਦਰਜ ਕਰਨ ਲਈ ਪਹਿਲੀ ਨਜ਼ਰੇ ਸਮੱਗਰੀ ਹੈ ਜਾਂ ਨਹੀਂ। ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਆਈ. ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਨੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਤੋਂ ਹਾਊਸਿੰਗ ਨਾਲ ਸਬੰਧਤ ਰੀਕਾਰਡ ਮੰਗਿਆ ਹੈ, ਜਿਸ ’ਚ ਬਦਲਾਅ ਬਾਰੇ ਉਸ ਦੇ ਅਧਿਕਾਰੀਆਂ ਦੀ ਸਿਫ਼ਾਰਸ਼ ਅਤੇ ਮਨਜ਼ੂਰੀ, ਟੈਂਡਰ ਦਸਤਾਵੇਜ਼, ਠੇਕੇਦਾਰਾਂ ਵਲੋਂ ਲਗਾਈਆਂ ਗਈਆਂ ਬੋਲੀਆਂ, ਬਿਲਡਿੰਗ ਪਲਾਨ ਦੀ ਮਨਜ਼ੂਰੀ ਅਤੇ ਮਾਡਿਊਲਰ ਨਿਰਮਾਣ ਰਸੋਈ ਘਰ, ਸੰਗਮਰਮਰ ਦਾ ਫ਼ਰਸ਼ ਅਤੇ ਹੋਰ ਸਜਾਵਟੀ ਕੰਮ ਵਰਗੀਆਂ ਬਿਹਤਰ ਵਿਸ਼ੇਸ਼ਤਾਵਾਂ ਲਈ ਗ੍ਰਾਹਕਾਂ ਨੂੰ ਅਪੀਲ ਸ਼ਾਮਲ ਹੈ।
‘ਆਪ’ ਨੇ ਦੋਸ਼ ਲਾਇਆ ਹੈ ਕਿ ਇਹ ਘਟਨਾਕ੍ਰਮ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਲੋਕਾਂ ਲਈ ਕੰਮ ਕਰਨ ਤੋਂ ਰੋਕਣ ਦੀ ਭਾਜਪਾ ਦੀ ਕੋਸ਼ਿਸ਼ ਦਾ ਹਿੱਸਾ ਹੈ। ਪਾਰਟੀ ਦਾ ਇਲਜ਼ਾਮ ਹੈ, ‘‘ਇਸੇ ਕਾਰਨ ਦੇਸ਼ ਦੇ ਸਰਵੋਤਮ ਸਿਹਤ ਅਤੇ ਸਿੱਖਿਆ ਮੰਤਰੀਆਂ ਨੂੰ ਸਲਾਖਾਂ ਪਿੱਛੇ ਡੱਕ ਦਿਤਾ ਗਿਆ ਹੈ।’’ ‘ਆਪ’ ਨੇ ਦੋਸ਼ ਲਾਇਆ, ‘‘ਭਾਜਪਾ ‘ਆਪ’ ਨੂੰ ਤਬਾਹ ਕਰਨ ਲਈ ਅਪਣੀ ਪੂਰੀ ਤਾਕਤ ਵਰਤ ਰਹੀ ਹੈ।’’ ਪਾਰਟੀ ਨੇ ਕਿਹਾ, ‘‘ਇਹ ਸਿਰਫ ‘ਆਪ’ ਹੀ ਹੈ ਜੋ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਕੀਤੇ ਚੰਗੇ ਕੰਮ ਦੇ ਨਾਂ ’ਤੇ ਲੋਕਾਂ ਤੋਂ ਵੋਟਾਂ ਮੰਗਦੀ ਹੈ, ਜਦੋਂ ਕਿ ਭਾਜਪਾ ਨਹੀਂ ਚਾਹੁੰਦੀ ਕਿ ਗਰੀਬ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਵਧੀਆ ਸਿਹਤ ਸਹੂਲਤਾਂ ਮਿਲੇ।’’