26 ਸਾਲਾਂ ਦੇ ਇਸਾਰ ਨੂੰ ਤੜਕੇ ਪੰਜ ਵਜੇ ਕਥਿਤ ਤੌਰ ’ਤੇ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁਟਿਆ ਗਿਆ ਸੀ
ਨਵੀਂ ਦਿੱਲੀ: ਪੂਰਬ ਉੱਤਰ ਦਿੱਲੀ ਦੇ ਸੁੰਦਰ ਨਗਰ ਇਲਾਕੇ ’ਚ ਚੋਰੀ ਦੇ ਸ਼ੱਕ ’ਚ ਕੁਝ ਲੋਕਾਂ ਨੇ 26 ਸਾਲਾਂ ਦੇ ਇਕ ਨੌਜੁਆਨ ਨੂੰ ਕਥਿਤ ਤੌਰ ’ਤੇ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁਟਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਿਸ ਨੇ ਦਸਿਆ ਕਿ ਘਟਨਾ ਮੰਗਲਵਾਰ ਸਵੇਰੇ ਇਲਾਕੇ ਦੇ ਜੀ-4 ਬਲਾਕ ’ਚ ਵਾਪਰੀ। ਪੁਲਿਸ ਕਮਿਸ਼ਨਰ (ਪੂਰਬ ਉੱਤਰ) ਜੌਏ ਟਿਰਕੀ ਨੇ ਕਿਹਾ, ‘‘ਸੁੰਦਰ ਨਗਰੀ ਵਾਸੀ ਫੱਲ ਵੇਚਣ ਵਾਲੇ ਅਬਦੁਲ ਵਾਜਿਦ (60) ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਚੋਰੀ ਦੇ ਸ਼ੱਕ ’ਚ ਕੁਝ ਲੋਕਾਂ ਵਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਉਸ ਦੇ ਪੁੱਤਰ ਇਸਾਰ ਦੀ ਮੌਤ ਹੋ ਗਈ।’’ ਇਸਾਰ ਅਪਣੇ ਪਿਤਾ ਵਾਜਿਦ ਦਾ ਇਕਲੌਤਾ ਪੁੱਤਰ ਸੀ।
ਉਪ ਕਮਿਸ਼ਨਰ ਨੇ ਵਾਜਿਦ ਦੇ ਹਵਾਲੇ ਨਾਲ ਦਸਿਆ ਕਿ ਮੰਗਲਵਾਰ ਸ਼ਾਮ ਜਦੋਂ ਉਹ ਅਪਣੇ ਘਰ ਪੁੱਜੇ ਤਾਂ ਵੇਖਿਆ ਕਿ ਉਨ੍ਹਾਂ ਦਾ ਪੁੱਤਰ ਬਾਹਰ ਪਿਆ ਦਰਦ ਨਾਲ ਤੜਪ ਰਿਹਾ ਸੀ। ਉਸ ਦੇ ਪੂਰੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ।
ਟਿਰਕੀ ਮੁਤਾਬਕ, ਇਸਾਰ ਨੇ ਅਪਣੇ ਪਿਤਾ ਨੂੰ ਦਸਿਆ ਕਿ ਸਵੇਰੇ ਕਰੀਬ ਪੰਜ ਵਜੇ ਕੁਝ ਨੌਜੁਆਨਾਂ ਨੇ ਜੀ-4 ਬਲਾਕ ਕੋਲ ਉਸ ਨੂੰ ਫੜ ਲਿਆ ਅਤੇ ਉਸ ’ਤੇ ਚੋਰੀ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਇਕ ਖੰਭੇ ਨਾਲ ਬੰਨ੍ਹ ਦਿਤਾ ਅਤੇ ਲਾਠੀਆਂ ਨਾਲ ਉਸ ਦੀ ਕੁਟਮਾਰ ਕੀਤੀ। ਉਨ੍ਹਾਂ ਕਿਹਾ ਕਿ ਹਮਲਾਵਰ ਜੀ-4 ਬਲਾਕ ਕੋਲ ਰਹਿੰਦੇ ਸਨ।
ਉਨ੍ਹਾਂ ਕਿਹਾ ਕਿ ਵਾਜਿਦ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਲਾਸ਼ ਨੂੰ ਜੀ.ਟੀ.ਬੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਲਾਸ਼ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸਾਰ ’ਤੇ ਹਮਲਾ ਕਰਨ ਵਾਲੇ ਲੋਕਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੀਡੀਆ ’ਚ ਆਈਆਂ ਖ਼ਬਰਾਂ ਅਨੁਸਾਰ ਕੁਟਮਾਰ ਦਾ ਇਕ ਵੀਡੀਉ ਵੀ ਬਣਾਇਆ ਗਿਆ ਅਤੇ ਇਹ ਇਸ ਵੇਲੇ ਸੋਸ਼ਲ ਮੀਡੀਆ ’ਤੇ ਕਾਫ਼ੀ ਫੈਲ ਰਿਹਾ ਹੈ ਜਿਸ ਨੂੰ ਫ਼ਿਰਕੂ ਰੰਗਤ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਹਾਲਾਂਕਿ ਪੁਲਿਸ ਅਨੁਸਾਰ ਕੁਟਮਾਰ ਕਰਨ ਵਾਲੇ ਲੋਕਾਂ ’ਚ ਦੋਹਾਂ ਫ਼ਿਰਕਿਆਂ ਦੇ ਲੋਕ ਸ਼ਾਮਲ ਸਨ। ਪੁਲਿਸ ਅਨੁਸਾਰ ਪੀੜਤ ਮਾਨਸਿਕ ਤੌਰ ’ਤੇ ਕਮਜ਼ੋਰ ਸੀ ਅਤੇ ਉਹ ਕੁਟਮਾਰ ਕਰਨ ਵਾਲਿਆਂ ਦੇ ਸਵਾਲਾਂ ਦਾ ਸਹੀ ਜਵਾਬ ਨਹੀਂ ਦੇ ਸਕਿਆ ਸੀ, ਜਿਸ ਤੋਂ ਬਾਅਦ ਉਸ ਦੀ ਕੁਟਮਾਰ ਸ਼ੁਰੂ ਹੋ ਗਈ।