ਪੰਜਾਬ ਯੂਨੀਵਰਸਿਟੀ ਅਤੇ ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ 600-800 ਦੀ ਦਰਜਾਬੰਦੀ ਦੇ ਵਰਗ ’ਚ
ਨਵੀਂ ਦਿੱਲੀ: ਟਾਈਮਜ਼ ਹਾਇਰ ਐਜੂਕੇਸ਼ਨ (ਟੀ.ਐਚ.ਈ.) ਮੈਗਜ਼ੀਨ ਵਲੋਂ ਐਲਾਨੀ ਵਿਸ਼ਵ ਯੂਨੀਵਰਸਿਟੀ ਦਰਜਾਬੰਦੀ ਵਿਚ ਭਾਰਤ ਦੀਆਂ ਰੀਕਾਰਡ 91 ਯੂਨੀਵਰਸਿਟੀਆਂ ਨੇ ਸਥਾਨ ਪਾਇਆ ਹੈ। ਆਈ.ਆਈ.ਐੱਸ-ਬੰਗਲੌਰ ਨੇ 2017 ਤੋਂ ਬਾਅਦ ਪਹਿਲੀ ਵਾਰ ਸਿਖਰਲੀਆਂ 250 ਯੂਨੀਵਰਸਿਟੀਆਂ ਦੀ ਸੂਚੀ ’ਚ ਥਾਂ ਬਣਾਈ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਅਤੇ ਸੂਬੇ ’ਚ ਸਥਿਤ ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵੀ 600-800 ਦੇ ਵਰਗ ’ਚ ਹੈ।
ਇਸ ਸਾਲ 91 ਭਾਰਤੀ ਯੂਨੀਵਰਸਿਟੀਆਂ ਨੇ ਇਸ ਸੂਚੀ ’ਚ ਥਾਂ ਬਣਾਈ ਜਦਕਿ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 75 ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਵਾਧਾ ਹੈ। ਹਾਲਾਂਕਿ, ਚੋਟੀ ਦੇ ਭਾਰਤੀ ਤਕਨਾਲੋਜੀ ਸੰਸਥਾਨਾਂ (ਆਈ.ਆਈ.ਟੀ.) ਨੇ ਲਗਾਤਾਰ ਚੌਥੇ ਸਾਲ ਰੈਂਕਿੰਗ ਦਾ ਬਾਈਕਾਟ ਕੀਤਾ ਹੈ। ਇਸ ਸੂਚੀ ’ਚ ਥਾਂ ਬਣਾਉਣ ਵਾਲੀਆਂ ਯੂਨੀਵਰਸਿਟੀਆਂ ਦੀ ਗਿਣਤੀ ਦੇ ਮਾਮਲੇ ’ਚ ਭਾਰਤ ਪਿਛਲੇ ਸਾਲ ਛੇਵੇਂ ਸਥਾਨ ਦੇ ਮੁਕਾਬਲੇ ਇਸ ਸਾਲ ਚੌਥੇ ਸਥਾਨ ’ਤੇ ਰਿਹਾ।
ਲੰਡਨ ਸਥਿਤ ਟੀ.ਐਚ.ਆਈ. ਮੈਗਜ਼ੀਨ ਵਲੋਂ ਬੁਧਵਾਰ ਨੂੰ ਐਲਾਨੀ ਗਈ ਰੈਂਕਿੰਗ ਅਨੁਸਾਰ, ਭਾਰਤ ’ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਯੂਨੀਵਰਸਿਟੀਆਂ ’ਚ ਅੰਨਾ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆ, ਮਹਾਤਮਾ ਗਾਂਧੀ ਯੂਨੀਵਰਸਿਟੀ, ਸ਼ੂਲਿਨੀ ਯੂਨੀਵਰਸਿਟੀ ਆਫ ਬਾਇਓਟੈਕਨਾਲੋਜੀ ਅਤੇ ਪ੍ਰਬੰਧਨ ਵਿਗਿਆਨ ਸ਼ਾਮਲ ਹਨ।
ਸੱਤ ਆਈ.ਆਈ.ਟੀ. ਬੰਬੇ, ਦਿੱਲੀ, ਗੁਹਾਟੀ, ਕਾਨਪੁਰ, ਖੜਗਪੁਰ, ਮਦਰਾਸ ਅਤੇ ਰੁੜਕੀ ਨੇ ਰੈਂਕਿੰਗ ਦੀ ਪਾਰਦਰਸ਼ਤਾ ਅਤੇ ਮਿਆਰਾਂ ’ਤੇ ਸ਼ੰਕੇ ਖੜੇ ਕਰਦਿਆਂ 2020 ’ਚ ਗਲੋਬਲ ਯੂਨੀਵਰਸਿਟੀ ਰੈਂਕਿੰਗ ਤੋਂ ਬਾਹਰ ਹੋ ਗਏ ਸਨ। ਆਈ.ਆਈ.ਟੀ. ਗੁਹਾਟੀ ਨੇ ਪਿਛਲੇ ਸਾਲ ਰੈਂਕਿੰਗ ’ਚ ਮੁੜ ਸ਼ਮੂਲੀਅਤ ਕੀਤੀ ਸੀ।