
ਦੂਜੇ ਨੰਬਰ ’ਤੇ ਤੇਲੰਗਾਨਾ ਅਤੇ ਤੀਜੇ ’ਤੇ ਮਹਾਰਾਸ਼ਟਰ, 2025 ਤਕ 20 ਲੱਖ ਵਿਦਿਆਰਥੀਆਂ ਦੇ ਉੱਚ ਸਿਖਿਆ ਲਈ ਵਿਦੇਸ਼ ਜਾਣ ਦਾ ਅੰਦਾਜ਼ਾ
Education Abroad: ਪੰਜਾਬ, ਤੇਲੰਗਾਨਾ ਅਤੇ ਮਹਾਰਾਸ਼ਟਰ ਦੇਸ਼ ਦੇ ਸਿਖਰਲੇ ਸੂਬਿਆਂ ’ਚ ਸ਼ਾਮਲ ਹਨ ਜਿੱਥੋਂ ਸਭ ਤੋਂ ਵੱਧ ਵਿਦਿਆਰਥੀ ਉੱਚ ਸਿੱਖਿਆ ਲਈ ਵਿਦੇਸ਼ ਜਾਂਦੇ ਹਨ। ਜਦਕਿ ਜਰਮਨੀ, ਕਿਰਗਿਸਤਾਨ, ਆਇਰਲੈਂਡ, ਰੂਸ ਅਤੇ ਫਰਾਂਸ ਮਨਪਸੰਦ ਸਥਾਨਾਂ ਵਜੋਂ ਉਭਰੇ ਹਨ ਜਿੱਥੇ ਭਾਰਤੀ ਵਿਦਿਆਰਥੀ ਜਾ ਕੇ ਪੜ੍ਹਾਈ ਕਰਨਾ ਪਸੰਦ ਕਰ ਰਹੇ ਹਨ। ਇਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ।
ਗਲੋਬਲ ਐਜੂਕੇਸ਼ਨ ਸਿੰਪੋਜ਼ੀਅਮ ’ਚ ਸ਼ੁਕਰਵਾਰ ਨੂੰ ‘ਬਿਓਂਡ ਬੈੱਡਸ ਐਂਡ ਬਾਉਂਡਰੀਜ਼: ਇੰਡੀਅਨ ਸਟੂਡੈਂਟ ਮੋਬਿਲਿਟੀ ਰੀਪੋਰਟ-2023’ ਜਾਰੀ ਕੀਤੀ ਗਈ। ਇਹ ਰੀਪੋਰਟ ਅਮਰੀਕਾ, ਯੂ.ਕੇ., ਕੈਨੇਡਾ ਅਤੇ ਆਸਟ੍ਰੇਲੀਆ ’ਤੇ ਵਿਸ਼ੇਸ਼ ਧਿਆਨ ਦੇ ਕੇ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਹਾਸਲ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਤੀਸ਼ੀਲਤਾ ਨੂੰ ਵੀ ਉਜਾਗਰ ਕਰਦੀ ਹੈ। ਰੀਪੋਰਟ ਅਨੁਸਾਰ, ‘‘ਸਾਲ 2019 ’ਚ ਲਗਭਗ 10.9 ਲੱਖ ਭਾਰਤੀ ਵਿਦਿਆਰਥੀ ਵਿਦੇਸ਼ਾਂ ’ਚ ਪੜ੍ਹ ਰਹੇ ਸਨ। ਇਨ੍ਹਾਂ ਅੰਕੜਿਆਂ ’ਚ 2022 ਦੌਰਾਨ ਸੱਤ ਫੀ ਸਦੀ ਦਾ ਵਾਧਾ ਵੇਖਿਆ ਗਿਆ ਅਤੇ ਵਿਦੇਸ਼ਾਂ ’ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧ ਕੇ 13.24 ਲੱਖ ਹੋ ਗਈ। ਜੇਕਰ ਵਿਦੇਸ਼ਾਂ ’ਚ ਪੜ੍ਹਾਈ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ’ਚ ਮੌਜੂਦਾ 15 ਫੀ ਸਦੀ ਦਾ ਵਾਧਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅੰਦਾਜ਼ਾ ਹੈ ਕਿ 2025 ’ਚ ਅਜਿਹੇ ਵਿਦਿਆਰਥੀਆਂ ਦੀ ਗਿਣਤੀ 20 ਲੱਖ ਦੇ ਕਰੀਬ ਪਹੁੰਚ ਜਾਵੇਗੀ।’’
ਰੀਪੋਰਟ ’ਚ ਕਿਹਾ ਗਿਆ ਹੈ, ‘‘ਰਵਾਇਤੀ ਤੌਰ ’ਤੇ ਭਾਰਤੀ ਵਿਦਿਆਰਥੀ ਅਮਰੀਕਾ, ਕੈਨੇਡਾ, ਬਰਤਾਨੀਆਂ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਤਰਜੀਹ ਦਿੰਦੇ ਹਨ। ਹਾਲਾਂਕਿ, ਹਾਲ ਹੀ ਦੇ ਸਮੇਂ ’ਚ ਜਰਮਨੀ, ਕਿਰਗਿਸਤਾਨ, ਆਇਰਲੈਂਡ, ਸਿੰਗਾਪੁਰ, ਰੂਸ, ਫਿਲੀਪੀਨਜ਼, ਫਰਾਂਸ ਅਤੇ ਨਿਊਜ਼ੀਲੈਂਡ ਵੀ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਸਥਾਨਾਂ ਵਜੋਂ ਉਭਰਿਆ ਹੈ।’’
ਭਾਰਤ ਤੋਂ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਸੂਬਾ-ਵਾਰ ਗਿਣਤੀ ਦੇ ਆਧਾਰ ’ਤੇ ਪੰਜਾਬ, ਤੇਲੰਗਾਨਾ ਅਤੇ ਮਹਾਰਾਸ਼ਟਰ ਸਿਖਰ ’ਤੇ ਹਨ। ਰੀਪੋਰਟ ਅਨੁਸਾਰ ਵਿਦੇਸ਼ਾਂ ’ਚ ਪੜ੍ਹਨ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ’ਚੋਂ 12.5 ਫੀ ਸਦੀ ਪੰਜਾਬ ਤੋਂ, 12.5 ਫੀ ਸਦੀ ਆਂਧਰਾ ਪ੍ਰਦੇਸ਼/ਤੇਲੰਗਾਨਾ ਤੋਂ, 12.5 ਫੀ ਸਦੀ ਮਹਾਰਾਸ਼ਟਰ ਤੋਂ, 8 ਫੀ ਸਦੀ ਗੁਜਰਾਤ ਤੋਂ, 8 ਫੀ ਸਦੀ ਦਿੱਲੀ/ਐਨ.ਸੀ.ਆਰ. ਤੋਂ, 8 ਫੀ ਸਦੀ ਤਮਿਲਨਾਡੂ ਤੋਂ ਹਨ, 6 ਫੀ ਸਦੀ ਕਰਨਾਟਕ ਤੋਂ ਹਨ ਅਤੇ 33 ਫੀ ਸਦੀ ਬਾਕੀ ਸੂਬਿਆਂ ਦੇ ਵਿਦਿਆਰਥੀ ਹਨ।
ਰੀਪੋਰਟ ’ਚ ਅਨੁਮਾਨ ਲਗਾਇਆ ਗਿਆ ਹੈ ਕਿ ਵਿਦੇਸ਼ਾਂ ’ਚ ਪੜ੍ਹਾਈ ਕਰਨ ਦਾ ਖਰਚ ਤੇਜ਼ੀ ਨਾਲ ਵਧੇਗਾ ਅਤੇ 2025 ’ਚ ਲਗਭਗ 70 ਅਰਬ ਅਮਰੀਕੀ ਡਾਲਰ ਹੋਣ ਦੀ ਉਮੀਦ ਹੈ। ਰੀਪੋਰਟ ’ਚ ਕਿਹਾ ਗਿਆ ਹੈ, ‘‘2019 ’ਚ ਭਾਰਤੀ ਵਿਦਿਆਰਥੀਆਂ ਨੇ ਵਿਦੇਸ਼ਾਂ ’ਚ ਸਿੱਖਿਆ ’ਤੇ ਅੰਦਾਜ਼ਨ 37 ਅਰਬ ਡਾਲਰ ਖਰਚ ਕੀਤੇ ਹਨ। ਸਾਲ 2022 ’ਚ ਇਹ ਖਰਚ ਨੌਂ ਫੀ ਸਦੀ ਵਧ ਕੇ 47 ਅਰਬ ਡਾਲਰ ਤਕ ਪਹੁੰਚ ਗਿਆ। ਜੇਕਰ ਇਹ ਖੇਤਰ ਮੌਜੂਦਾ 14 ਫੀ ਸਦੀ ਦੀ ਦਰ ਨਾਲ ਵਿਕਾਸ ਕਰਨਾ ਜਾਰੀ ਰੱਖਦਾ ਹੈ, ਤਾਂ 2025 ਤਕ ਭਾਰਤੀ ਵਿਦਿਆਰਥੀਆਂ ਵਲੋਂ ਵਿਦੇਸ਼ਾਂ ਵਿਚ ਸਿੱਖਿਆ ’ਤੇ ਹੋਣ ਵਾਲਾ ਅੰਦਾਜ਼ਨ ਖਰਚ 70 ਅਰਬ ਡਾਲਰ ਤਕ ਪਹੁੰਚਣ ਦੀ ਉਮੀਦ ਹੈ।
(For more news apart from Education Abroad, stay tuned to Rozana Spokesman)