7 ਸਾਲ ਦੀ ਉਮਰ ਵਿੱਚ ਬੱਚਾ ਕਰ ਸਕਦਾ ਸੋਫ਼ਟ ਹਾਕੀ ਖੇਡਣ ਦੀ ਸ਼ੁਰੂਆਤ
ਚੰਡੀਗੜ੍ਹ: ਪੰਜਾਬ ਵਿੱਚ ਸੋਫਟ ਹਾਕੀ ਨੂੰ ਪ੍ਰੋਤਸਾਹਨ ਦੇਣ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਅਮੇਟਿਊਰ ਸੋਫਟ ਹਾਕੀ ਫੈਡਰੇਸ਼ਨ ਆਫ ਇੰਡੀਆ ਨੇ ਰਾਧਿਕਾ ਚੁੱਘ ਨੂੰ ਪੰਜਾਬ ਦੀ ਰਾਜ ਪ੍ਰਧਾਨ ਬਣਾਉਣ ਦੀ ਘੋਸ਼ਣਾ ਕੀਤੀ ਹੈ। ਰਾਧਿਕਾ ਚੁੱਘ, ਜੋ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਧਰਮ ਪਤਨੀ ਹਨ।
ਉਹਨਾਂ ਨੇ ਅਹੁਦੇ ਦੀ ਜਿੰਮੇਵਾਰੀ ਸੰਭਾਲਦਿਆਂ ਦੱਸਿਆ ਕਿ ਸੋਫਟ ਹਾਕੀ ਦੇ ਰੂਪ ਵਿੱਚ ਪੰਜਾਬ ਲਈ ਇੱਕ ਨਵੀਂ ਖੇਡ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਖੇਡ ਛੋਟੀ ਜਗ੍ਹਾ ਵਿੱਚ ਖੇਡੀ ਜਾਂਦੀ ਹੈ ਅਤੇ ਇਸ ਵਿੱਚ ਛੋਟੀ ਟੀਮ ਸ਼ਾਮਿਲ ਹੁੰਦੀ ਹੈ, ਜਿਸ ਨਾਲ ਬੱਚੇ ਖ਼ਾਸ ਕਰਕੇ ਛੋਟੀ ਉਮਰ ਦੇ ਆਸਾਨੀ ਨਾਲ ਇਸ ਨਾਲ ਜੁੜ ਸਕਦੇ ਹਨ। ਰਾਧਿਕਾ ਚੁੱਗ ਦਾ ਕਹਿਣਾ ਸੀ ਕਿ ਲੜਕੇ ਅਤੇ ਲੜਕੀਆਂ ਦੋਵੇਂ ਹੀ ਇਸ ਖੇਡ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸੋਫਟ ਹਾਕੀ ਦੀ ਟੀਮ ਤਿਆਰ ਕੀਤੀ ਜਾਵੇ। ਇਸ ਲਈ ਵੱਖ–ਵੱਖ ਸਕੂਲਾਂ ਵਿੱਚੋਂ ਕਾਬਲ ਵਿਦਿਆਰਥੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਤਿਆਰ ਕੀਤਾ ਜਾਵੇਗਾ ਤਾਂ ਜੋ ਉਹ ਅੱਗੇ ਜਾ ਕੇ ਮੁੱਖ ਹੋਕੀ ਵਿੱਚ ਵੀ ਆਪਣਾ ਨਾਮ ਰੌਸ਼ਨ ਕਰ ਸਕਣ।
ਇਸ ਮੌਕੇ ਸੋਫਟ ਹਾਕੀ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਰਮੇਸ਼ ਸਿੰਘ ਨੇ ਵੀ ਖੇਡ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਹ ਖੇਡ 20 ਬਾਈ 40 ਫੁੱਟ ਦੇ ਗਰਾਊਂਡ ਵਿੱਚ ਖੇਡੀ ਜਾਂਦੀ ਹੈ। ਖੇਡ ਵਿੱਚ ਵਰਤੀ ਜਾਣ ਵਾਲੀ ਬਾਲ ਛੋਟੀ ਹੁੰਦੀ ਹੈ ਅਤੇ ਹਾਕੀ ਸਟਿਕ ਸਧਾਰਣ ਹਾਕੀ ਵਾਂਗ ਹੀ ਹੁੰਦੀ ਹੈ। ਹਾਲਾਂਕਿ, ਇਸ ਵਿੱਚ ਹਿੱਟ ਕਰਨ ਦੀ ਮਨਾਹੀ ਹੈ ਅਤੇ ਖਿਡਾਰੀਆਂ ਨੂੰ ਸਿਰਫ਼ ਡ੍ਰਾਇਵ ਅਤੇ ਪਾਸਿੰਗ ਨਾਲ ਹੀ ਗੇਮ ਚਲਾਉਣੀ ਪੈਂਦੀ ਹੈ। ਰਮੇਸ਼ ਸਿੰਘ ਨੇ ਕਿਹਾ ਕਿ ਕ੍ਰਿਕਟ ਦੇ ਵੱਧਦੇ ਰੁਝਾਨ ਕਾਰਨ ਹੋਕੀ ਪਿੱਛੇ ਰਹਿ ਰਹੀ ਸੀ, ਇਸ ਲਈ ਬੱਚਿਆਂ ਵਿੱਚ ਹੋਕੀ ਪ੍ਰਤੀ ਪਿਆਰ ਵਧਾਉਣ ਲਈ ਇਹ ਨਵੀਂ ਸੋਫਟ ਹਾਕੀ ਲੀਗ ਸ਼ੁਰੂ ਕੀਤੀ ਗਈ ਹੈ। ਇਸ ਵਿੱਚ 7 ਸਾਲ ਦੀ ਉਮਰ ਤੋਂ ਬੱਚੇ ਸ਼ੁਰੂਆਤ ਕਰ ਸਕਦੇ ਹਨ, ਜੋ ਭਵਿੱਖ ਦੇ ਹੋਕੀ ਖਿਡਾਰੀਆਂ ਦੀ ਤਿਆਰੀ ਵੱਲ ਇੱਕ ਮਹੱਤਵਪੂਰਣ ਕਦਮ ਹੈ।
