
ਸੰਸਦ ਦੀ ਨੈਤਿਕਤਾ ਕਮੇਟੀ ਨੇ ਮੋਇਤਰਾ ਨੂੰ 31 ਅਕਤੂਬਰ ਨੂੰ ਤਲਬ ਕੀਤਾ
- ਸੰਸਦ ਦੀ ਨੈਤਿਕਤਾ ਕਮੇਟੀ ਨੇ ਮੋਇਤਰਾ ਨੂੰ 31 ਅਕਤੂਬਰ ਨੂੰ ਤਲਬ ਕੀਤਾ
ਨਵੀਂ ਦਿੱਲੀ: ਟੀ ਐਮ ਸੀ ਸਾਂਸਦ ਮਹੂਆ ਮੋਇਤਰਾ ਨੇ ਆਪਣੇ ਖਿਲਾਫ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਦਰਮਿਆਨ ਨੈਤਿਕਤਾ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ। ਮੋਇਤਰਾ ਨੂੰ ਸੰਸਦ ਦੀ ਨੈਤਿਕਤਾ ਕਮੇਟੀ ਨੇ 31 ਅਕਤੂਬਰ ਨੂੰ ਤਲਬ ਕੀਤਾ ਸੀ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਉਨ੍ਹਾਂ 'ਤੇ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਹੈ।
ਮਹੂਆ ਮੋਇਤਰਾ ਨੇ ਕਿਹਾ, 'ਮੈਂ 4 ਨਵੰਬਰ ਨੂੰ ਆਪਣੇ ਪ੍ਰੀ-ਨਿਰਧਾਰਤ ਹਲਕੇ ਪ੍ਰੋਗਰਾਮਾਂ ਦੇ ਪੂਰਾ ਹੋਣ ਤੋਂ ਤੁਰੰਤ ਬਾਅਦ (ਸੰਸਦ ਦੀ ਨੈਤਿਕ ਕਮੇਟੀ ਦੇ ਸਾਹਮਣੇ) ਪੇਸ਼ ਹੋਣ ਦੀ ਉਮੀਦ ਕਰਦੀ ਹਾਂ।' ਉਨ੍ਹਾਂ ਇਸ ਪਿੱਛੇ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਦਾ ਹਵਾਲਾ ਦਿੱਤਾ, ਜਿਨ੍ਹਾਂ ਨੂੰ ਚੋਣ ਪ੍ਰਚਾਰ ਵਿੱਚ ਰੁੱਝੇ ਹੋਣ ਕਾਰਨ ਪੇਸ਼ ਹੋਣ ਲਈ ਵੱਧ ਸਮਾਂ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਮਹੂਆ ਮੋਇਤਰਾ ਨੇ ਇੰਟਰਨੈੱਟ ਮੀਡੀਆ 'ਐਕਸ' 'ਤੇ ਲਿਖਿਆ ਕਿ ਚੇਅਰਮੈਨ, ਨੈਤਿਕਤਾ ਕਮੇਟੀ ਨੇ ਲਾਈਵ ਟੀਵੀ 'ਤੇ ਐਲਾਨਿਆ ਹੈ ਕਿ ਮੈਨੂੰ 31/10 ਨੂੰ ਸੰਮਨ ਕੀਤਾ ਜਾਵੇਗਾ। ਮੈਨੂੰ 19:20 ਵਜੇ ਈਮੇਲ 'ਤੇ ਅਧਿਕਾਰਤ ਪੱਤਰ ਪ੍ਰਾਪਤ ਹੋਇਆ। ਸਾਰੀਆਂ ਸ਼ਿਕਾਇਤਾਂ ਅਤੇ ਆਪਣੇ ਹਲਫੀਆ ਬਿਆਨ ਵੀ ਮੀਡੀਆ ਨੂੰ ਜਾਰੀ ਕੀਤੇ ਹਨ। ਮੈਂ ਗਵਾਹੀ ਦੇਣ ਲਈ ਜ਼ਰੂਰ ਆਵਾਂਗੀ ਪਰ ਮੈਂ 4 ਨਵੰਬਰ ਤੱਕ ਆਪਣੇ ਹਲਕੇ ਵਿੱਚ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮਾਂ ਵਿੱਚ ਰੁੱਝੀ ਹੋਈ ਹਾਂ। ਜਿਸ ਕਾਰਨ ਹਾਜ਼ਰੀ ਨਹੀਂ ਲਗਾ ਸਕਦੀ।
ਦੱਸ ਦੇਈਏ ਕਿ 26 ਅਕਤੂਬਰ ਨੂੰ ਨੈਤਿਕਤਾ ਕਮੇਟੀ ਨੇ ‘ਪੈਸੇ ਬਦਲੇ ਪੁੱਛਗਿੱਛ’ ਮਾਮਲੇ 'ਚ ਵਕੀਲ ਜੈ ਅਨੰਤ ਦੇਹਦਰਾਈ ਅਤੇ ਭਾਜਪਾ ਨੇਤਾ ਨਿਸ਼ੀਕਾਂਤ ਦੂਬੇ ਦੇ ਬਿਆਨ ਦਰਜ ਕੀਤੇ ਸਨ। ਇਸ ਦੌਰਾਨ ਦੂਬੇ ਨੇ ਕਮੇਟੀ ਨੂੰ ਕਿਹਾ ਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਮਾਮਲਾ ਹੈ ਅਤੇ ਮਹੂਆ ਮੋਇਤਰਾ ਨੂੰ ਤੁਰੰਤ ਸੰਸਦ ਮੈਂਬਰ ਦੇ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਕਮੇਟੀ ਨੇ ਦੂਬੇ ਤੋਂ ਇਹ ਵੀ ਪੁੱਛਿਆ ਕਿ, "ਕੀ ਉਹ ਮੋਇਤਰਾ 'ਤੇ ਇਸ ਲਈ ਦੋਸ਼ ਲਗਾ ਰਿਹਾ ਹੈ ਕਿਉਂਕਿ ਮੋਇਤਰਾ ਨੇ ਉਸ 'ਤੇ ਫਰਜ਼ੀ ਡਿਗਰੀ ਹੋਣ ਦਾ ਦੋਸ਼ ਲਗਾਇਆ ਸੀ।"
ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਮਹੂਆ ਮੋਇਤਰਾ 'ਤੇ ਪੈਸੇ ਅਤੇ ਤੋਹਫ਼ਿਆਂ ਦੇ ਬਦਲੇ ਉਦਯੋਗਪਤੀ ਦਰਸ਼ਨ ਹੀਰਾਨੰਦਾਨੀ ਦੇ ਹਿੱਤਾਂ ਨਾਲ ਜੁੜੇ ਸਵਾਲ ਪੁੱਛਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਮਹੂਆ ਨੇ ਸਦਨ ਵਿੱਚ ਹੁਣ ਤੱਕ 61 ਸਵਾਲ ਪੁੱਛੇ ਹਨ, ਜਿਨ੍ਹਾਂ ਵਿੱਚੋਂ 50 ਸਨਅਤਕਾਰ ਦੇ ਕਾਰੋਬਾਰ ਨਾਲ ਸਬੰਧਤ ਸਨ। ਦਰਸ਼ਨ ਹੀਰਾਨੰਦਾਨੀ ਨੇ ਵੀ ਹਲਫਨਾਮਾ ਦਾਇਰ ਕਰਕੇ ਆਪਣੇ ਫਾਇਦੇ ਲਈ ਮਹੂਆ ਮੋਇਤਰਾ ਨੂੰ ਰਿਸ਼ਵਤ ਦੇਣ ਦੀ ਗੱਲ ਕਬੂਲੀ ਹੈ।