
ਦਿੱਲੀ ਹਾਈ ਕੋਰਟ ਨੇ ਦਿੱਲੀ ਉੱਚ ਨਿਆਂਇਕ ਸੇਵਾ ’ਚ 23 ਨਿਆਂਇਕ ਅਧਿਕਾਰੀਆਂ ਦੀ ਨਿਯੁਕਤੀ ਲਈ ਇਕ ਵੱਖਰਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਅਪਣੀਆਂ ਅਧੀਨ ਅਦਾਲਤਾਂ ’ਚ ਕਈ ਨਿਆਂਇਕ ਅਧਿਕਾਰੀਆਂ ਦੀ ਬਦਲੀ ਕੀਤੀ ਹੈ। ਬਦਲੇ ਜਾਣ ਵਾਲਿਆਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਜਿਨਸੀ ਸੋਸ਼ਣ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ, ਅਰਵਿੰਦ ਕੇਜਰੀਵਾਲ ਵਿਰੁਧ ਕਥਿਤ ਦਿੱਲੀ ਆਬਕਾਰੀ ਨੀਤੀ ਘਪਲੇ, ਅਤੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਵਿਰੁਧ 1984 ਸਿੱਖ ਕਤਲੇਆਮ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰਨ ਵਾਲੇ ਜੱਜ ਵੀ ਸ਼ਾਮਲ ਹਨ।
ਦਿੱਲੀ ਜੁਡੀਸ਼ੀਅਲ ਸਰਵਿਸ ’ਚ 233 ਨਿਆਂਇਕ ਅਧਿਕਾਰੀਆਂ ਦੀ ਨਵੀਂ ਤਾਇਨਾਤੀ ਤੋਂ ਇਲਾਵਾ ਹਾਈ ਕੋਰਟ ਨੇ ਦਿੱਲੀ ਉੱਚ ਨਿਆਂਇਕ ਸੇਵਾ ’ਚ 23 ਨਿਆਂਇਕ ਅਧਿਕਾਰੀਆਂ ਦੀ ਨਿਯੁਕਤੀ ਲਈ ਇਕ ਵੱਖਰਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।
ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੇ ਸ਼ੁਕਰਵਾਰ ਨੂੰ ਤੁਰਤ ਪ੍ਰਭਾਵ ਨਾਲ ਬਦਲੀਆਂ ਦੀ ਸੂਚੀ ਜਾਰੀ ਕੀਤੀ। ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਜੱਜ ਛਵੀ ਕਪੂਰ, ਜੋ ਬ੍ਰਿਜ ਭੂਸ਼ਣ ਸਿੰਘ ਵਿਰੁਧ ਪੁਲਿਸ ਦੀ ‘ਰੱਦ ਰੀਪੋਰਟ’ (ਕੇਸ ਬੰਦ ਕਰਨ ਦੀ ਬੇਨਤੀ) ਦੀ ਸੁਣਵਾਈ ਕਰ ਰਹੇ ਸਨ, ਨੂੰ ਰਾਊਜ਼ ਐਵੇਨਿਊ ਕੋਰਟ ’ਚ ਵਿਸ਼ੇਸ਼ ਜੱਜ ਦੇ ਅਹੁਦੇ ’ਤੇ ਬਦਲ ਦਿਤਾ ਗਿਆ ਹੈ। ਵਧੀਕ ਸੈਸ਼ਨ ਜੱਜ ਗੋਮਤੀ ਮਨੋਚਾ ਕਪੂਰ ਦੀ ਥਾਂ ਲੈਣਗੇ, ਜਿਨ੍ਹਾਂ ਨੇ ਬ੍ਰਿਜ ਭੂਸ਼ਣ ਵਿਰੁਧ ਜਿਨਸੀ ਸੋਸ਼ਣ ਦੇ ਮਾਮਲੇ ਵਿਚ ਪੁਲਿਸ ਰੀਪੋਰਟ ’ਤੇ ਫੈਸਲਾ ਰਾਖਵਾਂ ਰੱਖ ਲਿਆ ਸੀ।
ਵਧੀਕ ਸੈਸ਼ਨ ਜੱਜ ਜਤਿੰਦਰ ਸਿੰਘ ਨੂੰ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਦੀ ਹਾਲ ਹੀ ’ਚ ਸੇਵਾਮੁਕਤੀ ਕਾਰਨ ਖਾਲੀ ਹੋਈ ਅਸਾਮੀ ਨੂੰ ਭਰਨ ਲਈ ਰਾਊਜ਼ ਐਵੇਨਿਊ ’ਚ ਤਬਦੀਲ ਕਰ ਦਿਤਾ ਗਿਆ ਹੈ। ਸਿਆਲ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਕਥਿਤ ਦਿੱਲੀ ਆਬਕਾਰੀ ਨੀਤੀ ਘਪਲੇ, ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਵਿਰੁਧ ਕਥਿਤ ਵਕਫ ਬੋਰਡ ਘਪਲੇ ਅਤੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਵਿਰੁਧ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ’ਚ ਤਾਇਨਾਤ ਸਨ।
ਬਦਲੀਆਂ ਤੋਂ ਇਲਾਵਾ ਇਨ੍ਹਾਂ ਨਿਯੁਕਤੀਆਂ ’ਚ ਸਿਖਲਾਈ ਪੂਰੀ ਹੋਣ ’ਤੇ ਵੱਖ-ਵੱਖ ਜ਼ਿਲ੍ਹਿਆਂ ’ਚ ਲਗਭਗ 70 ਨਿਆਂਇਕ ਅਧਿਕਾਰੀਆਂ ਦੀ ਤਾਇਨਾਤੀ ਵੀ ਸ਼ਾਮਲ ਹੈ। ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਮਾਣਯੋਗ ਚੀਫ ਜਸਟਿਸ ਅਤੇ ਇਸ ਅਦਾਲਤ ਦੇ ਮਾਣਯੋਗ ਜੱਜਾਂ ਨੇ ਤੁਰਤ ਪ੍ਰਭਾਵ ਨਾਲ ਦਿੱਲੀ ਜੁਡੀਸ਼ੀਅਲ ਸਰਵਿਸ ਵਿਚ ਨਿਯੁਕਤੀਆਂ/ਤਬਾਦਲੇ ਕੀਤੇ ਹਨ। ਇਸੇ ਤਰ੍ਹਾਂ ਦਾ ਨੋਟੀਫਿਕੇਸ਼ਨ ਦਿੱਲੀ ਹਾਇਰ ਜੁਡੀਸ਼ੀਅਲ ਸਰਵਿਸ ਲਈ ਵੀ ਜਾਰੀ ਕੀਤਾ ਗਿਆ ਹੈ।