
ਕਿਹਾ, ਰੇਲਵੇ ਮੈਨੂੰ ਬਦਲੀ ਭੱਤੇ ਵਜੋਂ ਲਗਭਗ 3 ਲੱਖ ਰੁਪਏ ਦੇਵੇਗਾ ਜੋ ਜਨਤਾ ਦੇ ਪੈਸੇ ਦੀ ਪੂਰੀ ਬਰਬਾਦੀ ਹੈ
Railway Engineer transfer: ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਸੇਵਾਮੁਕਤੀ ਤੋਂ ਤਿੰਨ ਦਿਨ ਪਹਿਲਾਂ ਦਿੱਲੀ ਬਦਲੀ ਕੀਤੇ ਗਏ ਇਕ ਸੀਨੀਅਰ ਇੰਜੀਨੀਅਰ ਨੇ ਰੇਲਵੇ ਬੋਰਡ ਨੂੰ ਦਸਿਆ ਹੈ ਕਿ ਇਹ ਪਾਗਲਪਨ ਹੈ। ਦਖਣੀ ਪੂਰਬੀ ਮੱਧ ਰੇਲਵੇ (ਐਸ.ਈ.ਸੀ.ਆਰ.) ਦੇ ਬਿਲਾਸਪੁਰ ਡਿਵੀਜ਼ਨ ਦੇ ਮੁੱਖ ਸੰਚਾਰ ਇੰਜੀਨੀਅਰ ਨੇ ਰੇਲਵੇ ਬੋਰਡ ਨੂੰ ਚਿੱਠੀ ਲਿਖ ਕੇ ਅਪਣੀ ਸੇਵਾਮੁਕਤੀ ਤੋਂ ਤਿੰਨ ਦਿਨ ਪਹਿਲਾਂ ਉੱਤਰੀ ਰੇਲਵੇ (ਐਨ.ਆਰ.) ਜ਼ੋਨ ’ਚ ਬਦਲੀ ਨੂੰ ਤਸ਼ੱਦਦ ਦਸਿਆ ਹੈ।
ਬਦਲੀ ਦੇ ਹੁਕਮ ਅਨੁਸਾਰ ਕੇ.ਪੀ. ਆਰੀਆ 28 ਨਵੰਬਰ, 2023 ਨੂੰ ਉੱਤਰੀ ਰੇਲਵੇ ’ਚ ਉੱਚ ਪ੍ਰਸ਼ਾਸਨਿਕ ਗ੍ਰੇਡ (ਐਚ.ਏ.ਜੀ.) ਦੇ ਅਹੁਦੇ ਦਾ ਚਾਰਜ ਸੰਭਾਲਣਗੇ, ਜਦਕਿ ਉਨ੍ਹਾਂ ਦੀ ਸੇਵਾਮੁਕਤੀ 30 ਨਵੰਬਰ, 2023 ਨੂੰ ਹੋਣੀ ਹੈ। ਆਰੀਆ ਨੇ ਰੇਲਵੇ ਬੋਰਡ ਦੇ ਸਕੱਤਰ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਇਹ ਹੁਕਮ ਸਤਹੀ ਤੌਰ ’ਤੇ ਸਹੀ ਜਾਪਦਾ ਹੈ ਪਰ ਜਦੋਂ ਇਕ ਹਫਤੇ ਅੰਦਰ 30 ਨਵੰਬਰ 2023 ਨੂੰ ਹੋਣ ਵਾਲੀ ਮੇਰੀ ਸੇਵਾਮੁਕਤੀ ਦੇ ਪੂਰੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਪਾਗਲਪਨ ਸਾਫ ਦਿਸਦਾ ਹੈ।
ਉਨ੍ਹਾਂ ਕਿਹਾ, ‘‘ਭਾਰਤੀ ਰੇਲਵੇ ’ਚ ਸਾਰੀ ਜ਼ਿੰਦਗੀ ਸੇਵਾ ਨਿਭਾਉਣ ਵਾਲੇ ਮੁਲਾਜ਼ਮ ਦੀ ਬਦਲੀ ਸੇਵਾਮੁਕਤੀ ਦੇ ਹਫਤੇ ’ਚ ਕਰਨਾ ਉਸ ਦੀ ਸੇਵਾਮੁਕਤੀ ਪ੍ਰਣਾਲੀ ’ਚ ਵਿਘਨ ਪਾਉਣ ਅਤੇ ਸੰਗਠਨ ’ਚ ਆਖਰੀ ਤਿੰਨ ਦਿਨਾਂ ਦੌਰਾਨ ਉਸ ਨੂੰ ਪ੍ਰੇਸ਼ਾਨ ਕਰਨ ਤੋਂ ਇਲਾਵਾ ਕੁਝ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਮੈਂ ਦਿੱਲੀ ’ਚ ਉੱਤਰੀ ਰੇਲਵੇ ਹੈੱਡਕੁਆਰਟਰ ’ਚ ਸਿਰਫ ਤਿੰਨ ਦਿਨ ਕੰਮ ਕਰਾਂਗਾ ਅਤੇ ਭਾਰਤੀ ਰੇਲਵੇ ਤੋਂ ਸੇਵਾਮੁਕਤ ਹੋ ਜਾਵਾਂਗਾ। ਰੇਲਵੇ ਮੈਨੂੰ ਬਦਲੀ ਭੱਤੇ ਵਜੋਂ ਲਗਭਗ 3 ਲੱਖ ਰੁਪਏ ਦੇਵੇਗਾ ਜੋ ਜਨਤਾ ਦੇ ਪੈਸੇ ਦੀ ਪੂਰੀ ਬਰਬਾਦੀ ਹੈ।’’
ਹਾਲਾਂਕਿ ਇਹ ਬਦਲੀ ਤਰੱਕੀ ਨਾਲ ਕੀਤੀ ਗਈ ਹੈ, ਪਰ ਆਰੀਆ ਨੂੰ ਇਸ ਤੋਂ ਵਾਧੂ ਆਰਥਕ ਲਾਭ ਨਹੀਂ ਮਿਲੇਗਾ। ਉਨ੍ਹਾਂ ਕਿਹਾ, ‘‘ਮੇਰੀ ਤਰੱਕੀ ਲਗਭਗ ਛੇ ਮਹੀਨੇ ਪਹਿਲਾਂ ਹੋਣੀ ਸੀ ਪਰ ਇਸ ਨੂੰ ਲਟਕਦਾ ਰਖਿਆ ਗਿਆ। ਹਾਲਾਂਕਿ, ਸਰਕਾਰੀ ਨਿਯਮਾਂ ਅਨੁਸਾਰ, ਮੈਨੂੰ ਉਸ ਅਹੁਦੇ ਲਈ ਉਸ ਦਿਨ ਤੋਂ ਵਿੱਤੀ ਲਾਭ ਮਿਲਣੇ ਸ਼ੁਰੂ ਹੋ ਗਏ ਸਨ ਜਿਸ ਦਿਨ ਮੈਨੂੰ ਤਰੱਕੀ ਦਿਤੀ ਜਾਣੀ ਸੀ। ਇਸ ਲਈ ਤਰੱਕੀ ਨਾਲ ਕੀਤਾ ਗਿਆ ਇਹ ਬਦਲੀ ਸਿਰਫ ਮੈਨੂੰ ਪ੍ਰੇਸ਼ਾਨ ਕਰਨ ਲਈ ਹੈ।’’
(For more news apart from Railway Engineer transfer, stay tuned to Rozana Spokesman)