
ਪੂਰਾ ਭਰੋਸਾ ਹੈ ਕਿ ਫ਼ੌਜ ਜੰਮੂ-ਕਸ਼ਮੀਰ ’ਚੋਂ ਅਤਿਵਾਦ ਦਾ ਖ਼ਤਮ ਕਰ ਦੇਵੇਗੀ : ਰਾਜਨਾਥ ਸਿੰਘ
ਰਾਜੌਰੀ/ਜੰਮੂ: ਫ਼ੌਜ ਵਲੋਂ ਪੁੱਛ-ਪੜਤਾਲ ਲਈ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਮਿ੍ਰਤਕ ਮਿਲੇ ਤਿੰਨ ਨਾਗਰਿਕਾਂ ਦਾ ਅਸਿੱਧਾ ਜ਼ਿਕਰ ਕਰਦਿਆਂ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁਧਵਾਰ ਨੂੰ ਕਿਹਾ ਕਿ ਫ਼ੌਜੀ ਦੇਸ਼ ਨੂੰ ਸੁਰੱਖਿਅਤ ਰਖਦੇ ਹਨ ਪਰ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ ਜੋ ਨਹੀਂ ਹੋਣੀਆਂ ਚਾਹੀਦੀਆਂ।
ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਆਏ ਰਾਜਨਾਥ ਸਿੰਘ ਨੇ ਕਿਹਾ, ‘‘ਦੇਸ਼ ਦੀ ਰੱਖਿਆ ਦਾ ਅਪਣਾ ਫਰਜ਼ ਨਿਭਾਉਂਦੇ ਹੋਏ ਲੋਕਾਂ ਦਾ ਦਿਲ ਜਿੱਤਣਾ ਫ਼ੌਜੀਆਂ ਦੀ ਜ਼ਿੰਮੇਵਾਰੀ ਹੈ।’’ ਰਾਜਨਾਥ ਸਿੰਘ ਨੇ ਰਾਜੌਰੀ ’ਚ ਫ਼ੌਜੀਆਂ ਨੂੰ ਕਿਹਾ, ‘‘ਤੁਸੀਂ ਦੇਸ਼ ਦੇ ਮੁਕਤੀਦਾਤਾ ਹੋ। ਦੇਸ਼ ਦੀ ਰੱਖਿਆ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਆਮ ਲੋਕਾਂ ਦਾ ਦਿਲ ਜਿੱਤਣ ਦੀ ਵੱਡੀ ਜ਼ਿੰਮੇਵਾਰੀ ਵੀ ਤੁਹਾਡੇ ਮੋਢਿਆਂ ’ਤੇ ਹੈ। ਤੁਸੀਂ ਵੀ ਇਸ ਦਿਸ਼ਾ ’ਚ ਕੋਸ਼ਿਸ਼ ਕਰ ਰਹੇ ਹੋ, ਪਰ ਕਈ ਵਾਰ ਗ਼ਲਤੀਆਂ ਵੀ ਹੋ ਜਾਂਦੀਆਂ ਹਨ। ਅਜਿਹੀ ਕੋਈ ਗ਼ਲਤੀ ਨਹੀਂ ਹੋਣੀ ਚਾਹੀਦੀ ਜੋ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਨੁਕਸਾਨ ਪਹੁੰਚਾਏ।’’
ਰਾਜਨਾਥ ਸਿੰਘ ਪੁੰਛ ਅਤਿਵਾਦੀ ਹਮਲੇ ਤੋਂ ਬਾਅਦ ਇਕ ਦਿਨ ਦੇ ਦੌਰੇ ’ਤੇ ਰਾਜੌਰੀ ਅਤੇ ਜੰਮੂ ਪਹੁੰਚੇ ਸਨ। ਰੱਖਿਆ ਮੰਤਰੀ ਦਾ ਇਹ ਬਿਆਨ ਪੁੰਛ ਜ਼ਿਲ੍ਹੇ ’ਚ 22 ਦਸੰਬਰ ਨੂੰ ਕਥਿਤ ਤੌਰ ’ਤੇ ਤਿੰਨ ਨਾਗਰਿਕਾਂ ਦੇ ਕਤਲ ’ਤੇ ਗੁੱਸੇ ਦੇ ਵਿਚਕਾਰ ਆਇਆ ਹੈ। ਪਿਛਲੇ ਹਫ਼ਤੇ ਫੌਜ ਦੇ ਦੋ ਗੱਡੀਆਂ ’ਤੇ ਕੀਤੇ ਗਏ ਹਮਲੇ ’ਚ ਚਾਰ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਸ ਘਟਨਾ ਦੇ ਸਬੰਧ ’ਚ ਪੁੱਛ-ਪੜਤਾਲ ਲਈ ਤਿੰਨ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਸੀ।
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਮਿ੍ਰਤਕ ਨਾਗਰਿਕਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਡਾਕਟਰੀ-ਕਾਨੂੰਨੀ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਫੌਜ ਨੇ ਨਾਗਰਿਕਾਂ ਦੀ ਮੌਤ ਦੀ ਪੂਰੀ ਅੰਦਰੂਨੀ ਜਾਂਚ ਦੇ ਹੁਕਮ ਦਿਤੇ ਹਨ ਅਤੇ ਕਿਹਾ ਹੈ ਕਿ ਉਹ ਜਾਂਚ ਵਿਚ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਲਈ ਵਚਨਬੱਧ ਹੈ।
ਰਾਜਨਾਥ ਨੇ ਕਿਹਾ, ‘‘ਜੰਗ ਜਿੱਤਣ ਅਤੇ ਅਤਿਵਾਦ ਨੂੰ ਖਤਮ ਕਰਨ ਲਈ ਤੁਹਾਨੂੰ ਲੋਕਾਂ ਦਾ ਦਿਲ ਜਿੱਤਣਾ ਹੋਵੇਗਾ। ਅਸੀਂ ਕੋਈ ਵੀ ਜੰਗ ਜਿੱਤਾਂਗੇ ਅਤੇ ਅਤਿਵਾਦ ਨੂੰ ਖਤਮ ਕਰਾਂਗੇ ਪਰ ਇਸ ਦੌਰਾਨ ਸਾਨੂੰ ਲੋਕਾਂ ਦਾ ਦਿਲ ਵੀ ਜਿੱਤਣਾ ਹੋਵੇਗਾ ਅਤੇ ਇਹ ਤੁਹਾਡੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਹੈ।’’ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੂੰ ਹੁਣ ਦੁਨੀਆਂ ’ਚ ਆਮ ਫੌਜ ਨਹੀਂ ਮੰਨਿਆ ਜਾਂਦਾ। ਉਨ੍ਹਾਂ ਕਿਹਾ, ‘‘ਲੋਕਾਂ ਦਾ ਮੰਨਣਾ ਹੈ ਕਿ ਭਾਰਤੀ ਫੌਜ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਹੈ। ਇਹ ਪਹਿਲਾਂ ਨਾਲੋਂ ਵਧੇਰੇ ਲੈਸ ਹੈ। ਦੇਸ਼ ਦੀ ਸੁਰੱਖਿਆ ਤੁਹਾਡੇ ਹੱਥਾਂ ’ਚ ਹੈ।’’
ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁਧਵਾਰ ਨੂੰ ਫ਼ੌਜੀਆਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਫੌਜ ਜੰਮੂ-ਕਸ਼ਮੀਰ ਦੀ ਧਰਤੀ ਤੋਂ ਅਤਿਵਾਦ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਵੇਗੀ। ਰਾਜੌਰੀ ’ਚ ਫੌਜੀ ਛਾਉਣੀ ’ਚ ਫ਼ੌਜੀਆਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਜਵਾਨਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, ‘‘ਮੈਂ ਤੁਹਾਡੀ ਬਹਾਦਰੀ ਅਤੇ ਲਗਨ ’ਤੇ ਵਿਸ਼ਵਾਸ ਕਰਦਾ ਹਾਂ। ਜੰਮੂ-ਕਸ਼ਮੀਰ ਤੋਂ ਅਤਿਵਾਦ ਖਤਮ ਹੋਣਾ ਚਾਹੀਦਾ ਹੈ ਅਤੇ ਤੁਹਾਨੂੰ ਇਸ ਵਚਨਬੱਧਤਾ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਮੈਨੂੰ ਭਰੋਸਾ ਹੈ ਕਿ ਤੁਸੀਂ ਜਿੱਤੋਗੇ।’’ ਇਸ ਮੌਕੇ ਜਨਰਲ ਪਾਂਡੇ ਅਤੇ ਲੈਫਟੀਨੈਂਟ ਗਵਰਨਰ ਵੀ ਮੌਜੂਦ ਸਨ।