
ਅਰਵਿੰਦ ਕੇਜਰੀਵਾਲ ਦਾ ਐਲਾਨ, ਆਉਣ ਵਾਲੇ ਦੋ ਸਾਲਾਂ ਦੌਰਾਨ 6 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਲੜੇਗੀ ਆਮ ਆਦਮੀ ਪਾਰਟੀ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪਰੀਸ਼ਦ ਦੀ ਬੈਠਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 26 ਜਨਵਰੀ ਦੀ ਹਿੰਸਾ ਤੋਂ ਬਾਅਦ ਵੀ ਅੰਦੋਲਨ ਕਿਸੇ ਹਾਲ 'ਚ ਖਤਮ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਹਨਾਂ ਨੇ ਐਲ਼ਾਨ ਕੀਤਾ ਕਿ ਪਾਰਟੀ ਆਉਣ ਵਾਲੇ ਦੋ ਸਾਲਾਂ ਦੌਰਾਨ 6 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਲੜੇਗੀ।
Arvind Kejriwal
ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਚੋਣਾਂ ਲੜੇਗੀ। ਦੱਸ ਦਈਏ ਕਿ ਪੰਜਾਬ ਅਤੇ ਗੋਆ ਵਿਚ ਆਮ ਆਦਮੀ ਪਾਰਟੀ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਲੜ ਚੁੱਕੀ ਹੈ। ਸੀਐਮ ਕੇਜਰੀਵਾਲ ਨੇ ਕਿਹਾ ਅੱਜ ਦੇਸ਼ ਦਾ ਕਿਸਾਨ ਬਹੁਤ ਦੁਖੀ ਹੈ। 70 ਸਾਲਾਂ ਤੋਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੇ ਮਿਲ ਕੇ ਕਿਸਾਨਾਂ ਨੂੰ ਧੋਖਾ ਦਿੱਤਾ। ਪਿਛਲੇ 25 ਸਾਲਾਂ ਦੌਰਾਨ ਸਾਢੇ ਤਿੰਨ ਲੱਖ ਲੋਕਾਂ ਨੇ ਆਤਮ ਹੱਤਿਆ ਕੀਤੀ। ਕਿਸੇ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ।
Farmers Protest
ਨਵੇਂ ਖੇਤੀ ਕਾਨੂੰਨਾਂ ‘ਤੇ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਜ਼ਰੀਏ ਕਿਸਾਨਾਂ ਕੋਲੋਂ ਉਹਨਾਂ ਦੀ ਖੇਤੀ ਖੋਹ ਕੇ ਪੂੰਜੀਪਤੀਆਂ ਨੂੰ ਸੌਂਪਣ ਦੀ ਯੋਜਨਾ ਬਣਾਈ ਜਾ ਰਹੀ ਹੈ। ਹੁਣ ਕਿਸਾਨ ਦੀ ਹੋਂਦ ਦਾ ਸਵਾਲ ਹੈ। ਇਹੀ ਕਾਰਨ ਹੈ ਕਿ ਉਹ ਕੜਾਕੇ ਦੀ ਠੰਢ ਵਿਚ ਸੜਕਾਂ ‘ਤੇ ਬੈਠੇ ਹਨ।
Aam Aadmi Party
ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਸਾਨ ਪਰੇਡ ਦੌਰਾਨ ਦਿੱਲੀ ਵਿਚ ਹੋਈ ਹਿੰਸਾ ‘ਤੇ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ, ’26 ਜਨਵਰੀ ਨੂੰ ਜੋ ਵੀ ਹੋਇਆ ਉਹ ਮੰਦਭਾਗਾ ਹੈ ਅਤੇ ਜੋ ਵੀ ਨੇਤਾ ਜਾਂ ਪਾਰਟੀ ਇਸ ਵਿਚ ਸ਼ਾਮਲ ਸੀ, ਉਹਨਾਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜੋ ਵੀ ਉਸ ਦਿਨ ਹੋਇਆ, ਉਸ ਨਾਲ ਇਹ ਅੰਦੋਲਨ ਖਤਮ ਨਹੀਂ ਹੋ ਸਕਦਾ। ਅਸੀਂ ਸਾਰਿਆਂ ਨੇ ਮਿਲ ਕੇ ਸ਼ਾਂਤੀ ਨਾਲ ਕਿਸਾਨਾਂ ਦਾ ਸਾਥ ਦੇਣਾ ਹੈ’।
Arvind Kejriwal
ਉਹਨਾਂ ਨੇ ਅਪਣੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਜਦੋਂ ਵੀ ਕਿਸਾਨਾਂ ਦੇ ਕੋਲ ਜਾਣ ਤਾਂ ਅਪਣਾ ਝੰਡਾ ਅਤੇ ਟੋਪੀ ਛੱਡ ਕੇ ਆਮ ਨਾਗਰਿਕ ਬਣ ਕੇ ਉਹਨਾਂ ਕੋਲ ਜਾਣ। ਉੱਥੇ ਕੋਈ ਰਾਜਨੀਤੀ ਨਾ ਕੀਤੀ ਜਾਵੇ।