
Delhi assembly elections: ਹਰਿਆਣਾ ’ਤੇ ਦਿੱਲੀ ਵਿਧਾਨ ਚੋਣਾਂ ਨੂੰ ਪ੍ਰਭਾਵਤ ਕਰਨ ਦਾ ਲਾਇਆ ਦੋਸ਼, ਕਾਰਵਾਈ ਦੀ ਕੀਤੀ ਮੰਗ
Delhi assembly elections: ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਚਿੱਠੀ ਲਿਖ ਕੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਦਿੱਲੀ ਵਿਚ ਪਾਣੀ ਦੀ ਸਪਲਾਈ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਵਾਲੀ ਭਾਜਪਾ ਸ਼ਾਸਤ ਹਰਿਆਣਾ ਸਰਕਾਰ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਆਤਿਸ਼ੀ ਨੇ ਹਰਿਆਣਾ ਸਰਕਾਰ ਦੀ ਕਾਰਵਾਈ ਨੂੰ ਜਲ ਅਤਿਵਾਦ ਕਰਾਰ ਦਿਤਾ ਅਤੇ ਕਿਹਾ ਕਿ ਦਿੱਲੀ ਜਲ ਬੋਰਡ ਦੇ ਵਾਟਰ ਟਰੀਟਮੈਂਟ ਪਲਾਂਟ ਸਿਰਫ਼ 1 ਪੀਪੀਐਮ ਪੱਧਰ ਤਕ ਦੇ ਅਮੋਨੀਆ ਦੇ ਹੱਲ ਲਈ ਬਣਾਏ ਗਏ ਹਨ। ਹਾਲਾਂਕਿ, ਹਰਿਆਣਾ ਤੋਂ ਅਣਸੋਧਿਆ ਸੀਵਰੇਜ ਜਾਂ ਉਦਯੋਗਿਕ ਗੰਦਗੀ ਦੇ ਮਿਲਣ ਕਾਰਨ ਯਮੁਨਾ ਨਦੀ ਰਾਹੀਂ ਦਿੱਲੀ ਨੂੰ ਆਉਣ ਵਾਲੇ ਪਾਣੀ ’ਚ ਅਮੋਨੀਆ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
ਚਿੱਠੀ ਵਿਚ ਲਿਖਿਆ, ‘‘ਮੈਂ 27 ਜਨਵਰੀ 2025 ਨੂੰ ਲਿਖੀ ਅਪਣੀ ਚਿੱਠੀ ਵਿਚ, ਜਿਸ ’ਚ ਹਰਿਆਣਾ ਸਰਕਾਰ ਦੁਆਰਾ ਦਿੱਲੀ ਵਿਚ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਆਯੋਜਨ ਨੂੰ ਪ੍ਰਭਾਵਤ ਕਰਨ ਲਈ ਦਿੱਲੀ ਦੇ ਲੋਕਾਂ ਨੂੰ ਪਾਣੀ ਦੀ ਸਪਲਾਈ ਵਿਚ ਵਿਘਨ ਪਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਨੂੰ ਉਜਾਗਰ ਕੀਤਾ ਹੈ, ਇਸ ਮਾਮਲੇ ’ਤੇ ਕੱਲ ਯਾਨੀ 27 ਜਨਵਰੀ 2025 ਦੇ ਦਿੱਲੀ ਜਲ ਬੋਰਡ ਦੇ ਸੀਈਓ ਦੁਆਰਾ ਦਿੱਲੀ ਦੇ ਮੁੱਖ ਸਕੱਤਰ ਨੂੰ ਸੌਂਪਿਆ ਗਿਆ ਇਕ ਨੋਟ ਨੱਥੀ ਕਰ ਰਹੀ ਹਾਂ।’’
ਉਨ੍ਹਾਂ ਕਿਹਾ, “ਪਾਣੀ ਦੀ ਸਪਲਾਈ ਵਿਚ ਅਮੋਨੀਆ ਛੱਡਣ ਦੇ ਜ਼ਹਿਰੀਲੇ ਪ੍ਰਭਾਵਾਂ ਨੂੰ ਜਾਣਨ ਦੇ ਬਾਵਜੂਦ, ਦਿੱਲੀ ਜਲ ਬੋਰਡ ਦੇ ਸੀਈਓ ਦੇ ਨੋਟ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਹਰਿਆਣੇ ਤੋਂ ਅਣਸੋਧਿਆ ਸੀਵਰੇਜ ਅਤੇ ਉਦਯੋਗਿਕ ਕੂੜੇ ਦੇ ਬੇਕਾਬੂ ਅਤੇ ਜਾਣਬੁੱਝ ਕੇ ਡੰਪਿੰਗ ਦੇ ਕਾਰਨ ਹੈ ਜੋ ਦਿੱਲੀ ’ਚ ਕਿ ਮੌਜੂਦਾ ਜਲ ਸਪਲਾਈ ਸੰਕਟ ਦਾ ਕਾਰਨ ਬਣ ਰਿਹਾ ਰਿਹਾ ਹੈ। ਇਹ ਲਾਪਰਵਾਹੀ ਦਾ ਕੰਮ ਨਹੀਂ, ਇਹ ਦਿੱਲੀ ’ਚ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਆਯੋਜਨ ਨੂੰ ਜਾਣਬੁੱਝ ਕੇ ਪ੍ਰਭਾਵਤ ਕਰਨ ਲਈ ਜਲ ਅਤਿਵਾਦ ਦਾ ਕੰਮ ਹੈ।’’ ਇਹ ਘਟਨਾ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉਸ ਦਾਅਵਾ ਦੇ ਇਕ ਦਿਨ ਬਾਅਦ ਹੋਈ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਹਰਿਆਣਾ ਸਰਕਾਰ ਸੂਬੇ ਤੋਂ ਆਉਣ ਵਾਲੇ ਪਾਣੀ ’ਚ ‘ਜ਼ਹਿਰ’ ਮਿਲਾ ਰਹੀ ਹੈ।