
ਰਾਤ 11 ਵਜੇ ਮਗਰੋਂ ਸਿਨੇਮਾ ਘਰਾਂ ’ਚ ਬੱਚਿਆਂ ਦੇ ਦਾਖਲੇ ’ਤੇ ਲੱਗੀ ਰੋਕ
ਹੈਦਰਾਬਾਦ : ਤੇਲੰਗਾਨਾ ਹਾਈ ਕੋਰਟ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰਾਤ 11 ਵਜੇ ਤੋਂ ਬਾਅਦ ਸਿਨੇਮਾ ਘਰਾਂ ’ਚ ਫਿਲਮਾਂ ਵੇਖਣ ਤੋਂ ਰੋਕ ਦਿਤਾ ਹੈ। ਅਦਾਲਤ ਨੇ ਅਧਿਕਾਰੀਆਂ ਨੂੰ ਹੁਕਮ ਦਿਤਾ ਕਿ ਜਦੋਂ ਤਕ ਸੂਬਾ ਸਰਕਾਰ ਵਲੋਂ ਕੋਈ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤਕ ਬੱਚਿਆਂ ਨੂੰ ਰਾਤ 11 ਵਜੇ ਤੋਂ ਬਾਅਦ ਸਿਨੇਮਾ ਘਰਾਂ ’ਚ ਦਾਖਲ ਹੋਣ ਦੀ ਇਜਾਜ਼ਤ ਨਾ ਦਿਤੀ ਜਾਵੇ।
ਅਦਾਲਤ ਨੇ ਕਿਹਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰਾਤ 11 ਵਜੇ ਤੋਂ ਬਾਅਦ ਸਿਨੇਮਾਘਰਾਂ ਅਤੇ ਮਲਟੀਪਲੈਕਸਾਂ ’ਚ ਫਿਲਮਾਂ ਵੇਖਣ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ।
ਅਦਾਲਤ ਸੋਮਵਾਰ ਨੂੰ ਰਾਮ ਚਰਨ ਸਟਾਰਰ ਫਿਲਮ ‘ਗੇਮ ਚੇਂਜਰ‘ ਅਤੇ ਹੋਰਾਂ ਦੀਆਂ ਟਿਕਟਾਂ ਦੀਆਂ ਕੀਮਤਾਂ ’ਚ ਵਾਧੇ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨਕਰਤਾ ਵਿਜੇ ਗੋਪਾਲ ਦੇ ਵਕੀਲ ਨੇ ਦਲੀਲ ਦਿਤੀ ਕਿ ਨਾਬਾਲਗਾਂ ਨੂੰ ਦੇਰ ਰਾਤ ਦੇ ਸਮੇਂ ਫਿਲਮਾਂ ਵੇਖਣ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ ਕਿਉਂਕਿ ਇਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ’ਤੇ ਮਾੜਾ ਅਸਰ ਪਵੇਗਾ।