Delhi Weather Update: ਰਾਜਧਾਨੀ ਵਿਚ ਲਗਾਤਾਰ ਮੀਂਹ ਅਤੇ ਵੀ.ਆਈ.ਪੀ. ਨਾਲ ਸਬੰਧਤ ਪਾਬੰਦੀਆਂ ਕਾਰਨ ਆਵਾਜਾਈ ਠੱਪ
ਨਵੀਂ ਦਿੱਲੀ, 27 ਜਨਵਰੀ : ਰਾਜਧਾਨੀ ਦਿੱਲੀ ’ਚ ਪਛਮੀ ਦਬਾਅ ਵਾਲੇ ਖੇਤਰ ਕਾਰਨ ਮੰਗਲਵਾਰ ਨੂੰ ਮੌਸਮ ਬਦਲ ਗਿਆ। ਦਿਨ ’ਚ ਕਈ ਥਾਵਾਂ ’ਤੇ ਮੀਂਹ ਅਤੇ ਸ਼ਾਹ ਨੂੰ ਗੜਮਾਰੀ ਵੇਖੀ ਗਈ। ਵੱਧ ਤੋਂ ਵੱਧ ਤਾਪਮਾਨ ’ਚ ਭਾਰੀ ਕਮੀ ਦਰਜ ਕੀਤੀ ਗਈ ਹਾਲਾਂਕਿ ਘੱਟ ਤੋਂ ਘੱਟ ਤਾਪਮਾਨ ’ਚ ਕੋਈ ਵਿਸ਼ੇਸ਼ ਕਮੀ ਨਹੀਂ ਆਈ। ਪਾਲਮ ’ਚ ਸਭ ਤੋਂ ਜ਼ਿਆਦਾ 14.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਰਿਜ ’ਚ 14.4 ਮਿਲੀਮੀਟਰ ਅਤੇ ਸਫ਼ਦਰਗੰਜ ’ਚ 4.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ’ਚ ਘੱਟ ਤੋਂ ਘੱਟ ਤਾਪਮਾਨ 8-9 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 15-17 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ। 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ।
ਦੂਜੇ ਪਾਸੇ ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ, ਵੀ.ਆਈ.ਪੀ.ਜ਼ ਦੀ ਆਵਾਜਾਈ ਅਤੇ ਇਸ ਨਾਲ ਜੁੜੇ ਸਮਾਗਮਾਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਰਾਜਧਾਨੀ ਦੇ ਕਈ ਹਿੱਸਿਆਂ ’ਚ ਆਵਾਜਾਈ ’ਚ ਵੱਡੇ ਪੱਧਰ ’ਤੇ ਰੁਕਾਵਟ ਆਈ। ਵੱਖ-ਵੱਖ ਇਲਾਕਿਆਂ ’ਚ ਲਗਾਤਾਰ ਮੀਂਹ ਪਿਆ ਜਿਸ ਨਾਲ ਦਿਸਣ ਹੱਦ ਘੱਟ ਗਈ ਅਤੇ ਗੱਡੀਆਂ ਦੀ ਆਵਾਜਾਈ ਹੌਲੀ ਹੋ ਗਈ। ਕੁੱਝ ਹਿੱਸਿਆਂ ਵਿਚ ਪਾਣੀ ਭਰਨ ਦੀ ਖ਼ਬਰ ਵੀ ਹੈ। ਅਗਲੇ ਤਿੰਨ ਦਿਨਾਂ ਤਕ ਆਸਮਾਨ ’ਚ ਅੰਸ਼ਕ ਰੂਪ ’ਚ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। 1 ਫ਼ਰਵਰੀ ਨੂੰ ਮੌਸਮ ਫਿਰ ਪਲਟ ਸਕਦਾ ਹੈ ਅਤੇ ਮੀਂਹ ਪੈ ਸਕਦਾ ਹੈ।
