
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ‘ਆਪਰੇਸ਼ਨ ਗੰਗਾ’ ਤੇਜ਼ ਕਰ ਦਿੱਤਾ ਹੈ।
ਨਵੀਂ ਦਿੱਲੀ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ‘ਆਪਰੇਸ਼ਨ ਗੰਗਾ’ ਤੇਜ਼ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਹੁਣ ਤੱਕ ਲਗਭਗ 1,400 ਭਾਰਤੀ ਨਾਗਰਿਕਾਂ ਨੂੰ ਲੈ ਕੇ 6 ਉਡਾਣਾਂ ਭਾਰਤ ਪਹੁੰਚੀਆਂ ਹਨ। ਬੁਖਾਰੇਸਟ (ਰੋਮਾਨੀਆ) ਤੋਂ ਚਾਰ ਅਤੇ ਬੁਡਾਪੇਸਟ (ਹੰਗਰੀ) ਤੋਂ ਦੋ ਉਡਾਣਾਂ ਆਈਆਂ ਹਨ। ਭਾਰਤ ਵਲੋਂ ਐਡਵਾਇਜ਼ਰੀ ਜਾਰੀ ਕਰਨ ਤੋਂ ਬਾਅਦ ਹੁਣ ਤੱਕ ਲਗਭਗ 8000 ਭਾਰਤੀ ਨਾਗਰਿਕ ਯੂਕਰੇਨ ਛੱਡ ਚੁੱਕੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਸਾਰੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਪੱਛਮੀ ਯੂਕਰੇਨ ਜਾਣ ਦੀ ਅਪੀਲ ਕਰਦੇ ਹਾਂ। ਤੁਹਾਨੂੰ ਸਿੱਧੇ ਸਰਹੱਦ ਵੱਲ ਨਹੀਂ ਜਾਣਾ ਚਾਹੀਦਾ। ਬਾਰਡਰ 'ਤੇ ਕਾਫੀ ਭੀੜ ਹੈ। ਅਸੀਂ ਤੁਹਾਨੂੰ ਨਜ਼ਦੀਕੀ ਸ਼ਹਿਰ ਵਿਚ ਜਾਣ ਦੀ ਅਪੀਲ ਕਰਦੇ ਹਾਂ। ਤੁਸੀਂ ਉੱਥੇ ਰਹੋ, ਸਾਡੀਆਂ ਟੀਮਾਂ ਉੱਥੇ ਮਦਦ ਕਰਨਗੀਆਂ।
4 Union Ministers to travel to Ukraine's neighbouring countries to help evacuation of Indian students
ਨਿਊਜ਼ ਏਜੰਸੀ ਏਐਨਆਈ ਮੁਤਾਬਕ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਸਾਡੇ ਕੋਲ ਮੋਲਡੋਵਾ ਰਾਹੀਂ ਨਵਾਂ ਰਸਤਾ ਹੈ, ਇਹ ਹੁਣ ਸ਼ੁਰੂ ਹੋ ਗਿਆ ਹੈ। ਸਾਡੀ ਟੀਮ ਤੁਹਾਡੀ ਮਦਦ ਕਰੇਗੀ। ਸਾਡੀਆਂ ਟੀਮਾਂ ਰੋਮਾਨੀਆ ਰਾਹੀਂ ਭਾਰਤੀਆਂ ਨੂੰ ਕੱਢਣ ਵਿਚ ਮਦਦ ਕਰਨਗੀਆਂ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਭਾਰਤ ਸਰਕਾਰ ਨੇ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਚਾਰ ਦੇਸ਼ਾਂ ਵਿਚ ਵਿਸ਼ੇਸ਼ ਦੂਤ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਭਾਰਤੀਆਂ ਦੀ ਨਿਕਾਸੀ ਤੇਜ਼ੀ ਨਾਲ ਕੀਤੀ ਜਾ ਸਕੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਸਾਰੇ ਵਿਸ਼ੇਸ਼ ਦੂਤ ਚਾਰ ਦੇਸ਼ਾਂ ਤੋਂ ਨਿਕਾਸੀ ਪ੍ਰਕਿਰਿਆ ਦਾ ਤਾਲਮੇਲ ਅਤੇ ਨਿਗਰਾਨੀ ਕਰਨਗੇ। ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਰੋਮਾਨੀਆ ਅਤੇ ਮੋਲਡੋਵਾ, ਕਿਰਨ ਰਿਜਿਜੂ ਸਲੋਵਾਕੀਆ, ਹਰਦੀਪ ਸਿੰਘ ਪੁਰੀ ਹੰਗਰੀ ਅਤੇ ਜਨਰਲ (ਸੇਵਾਮੁਕਤ) ਵੀਕੇ ਸਿੰਘ ਪੋਲੈਂਡ ਜਾਣਗੇ। ਪਿਛਲੇ 24 ਘੰਟਿਆਂ ਦੌਰਾਨ ਦੂਜੀ ਵਾਰ ਯੂਕਰੇਨ ਵਿਚ ਮੌਜੂਦਾ ਸਥਿਤੀ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਇਕ ਉਚ ਪੱਧਰੀ ਮੀਟਿੰਗ ਹੋਈ ਹੈ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਹੈ।