
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੋਮਵਾਰ ਨੂੰ ਆਪਣੇ ਅੰਤਰਰਾਸ਼ਟਰੀ ਯਾਤਰਾ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕੀਤੀ ਹੈ।
ਨਵੀਂ ਦਿੱਲੀ: ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੋਮਵਾਰ ਨੂੰ ਆਪਣੇ ਅੰਤਰਰਾਸ਼ਟਰੀ ਯਾਤਰਾ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕੀਤੀ ਹੈ। ਇਸ ਦੇ ਤਹਿਤ ਯੂਕਰੇਨ ਤੋਂ ਵਾਪਸ ਲਿਆਂਦੇ ਜਾ ਰਹੇ ਭਾਰਤੀਆਂ ਨੂੰ ਵੱਖ-ਵੱਖ ਛੋਟਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਯੂਕਰੇਨ ਤੋਂ ਆ ਰਹੇ ਭਾਰਤੀਆਂ ਨੂੰ ਲਾਜ਼ਮੀ ਪ੍ਰੀ-ਬੋਰਡਿੰਗ ਨੈਗੇਟਿਵ ਆਰਟੀਪੀਸੀਆਰ ਟੈਸਟ ਅਤੇ ਟੀਕਾਕਰਨ ਸਰਟੀਫਿਕੇਟ ਦੇ ਨਾਲ ਏਅਰ-ਸੁਵਿਧਾ ਪੋਰਟਲ 'ਤੇ ਰਵਾਨਗੀ ਤੋਂ ਪਹਿਲਾਂ ਦਸਤਾਵੇਜ਼ ਅਪਲੋਡ ਕਰਨ ਤੋਂ ਛੋਟ ਦਿੱਤੀ ਗਈ ਹੈ। ਸਿਹਤ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਜੇਕਰ ਕੋਈ ਯਾਤਰੀ ਭਾਰਤ ਆਉਣ ਤੋਂ ਪਹਿਲਾਂ ਆਰਟੀਪੀਸੀਆਰ ਟੈਸਟ ਜਮ੍ਹਾਂ ਕਰਵਾਉਣ ਦੇ ਯੋਗ ਨਹੀਂ ਹੁੰਦਾ ਹੈ ਜਾਂ ਉਸ ਨੇ ਆਪਣਾ ਕੋਵਿਡ-19 ਟੀਕਾਕਰਨ ਪੂਰਾ ਨਹੀਂ ਕੀਤਾ ਹੈ ਤਾਂ ਉਹਨਾਂ ਨੂੰ ਆਉਣ ਤੋਂ ਬਾਅਦ 14 ਦਿਨਾਂ ਤੱਕ ਆਪਣੀ ਸਿਹਤ ਦੀ ਸਵੈ-ਨਿਗਰਾਨੀ ਕਰਨੀ ਪਵੇਗੀ।
ਇਸ ਦੇ ਨਾਲ ਹੀ ਉਸ ਨੂੰ ਸੈਂਪਲ ਜਮ੍ਹਾਂ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ 28 ਫਰਵਰੀ 2022 ਤੱਕ ਯੂਕਰੇਨ ਤੋਂ 1156 ਭਾਰਤੀ ਨਾਗਰਿਕ ਵਾਪਸ ਪਰਤ ਚੁੱਕੇ ਹਨ, ਜਿਨ੍ਹਾਂ ਵਿਚੋਂ ਕਿਸੇ ਨੂੰ ਵੀ ਆਈਸੋਲੇਸ਼ਨ ਵਿਚ ਨਹੀਂ ਰੱਖਿਆ ਗਿਆ ਹੈ।