
ਗੌਤਮ ਅਡਾਨੀ ਗਰੁੱਪ 'ਤੇ ਸ਼ੇਅਰਾਂ 'ਚ ਹੇਰਾਫੇਰੀ ਅਤੇ ਅਕਾਊਂਟਿੰਗ ਫਰਾਡ ਸਮੇਤ ਕਈ ਦੋਸ਼ ਲੱਗੇ ਸਨ।
ਨਵੀਂ ਦਿੱਲੀ - ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਰਬਪਤੀ ਗੌਤਮ ਅਡਾਨੀ ਸਮੂਹ ਦੇ ਸ਼ੇਅਰਾਂ ਦੀ ਵਿਕਰੀ ਜਾਰੀ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਇਕ ਮਹੀਨੇ 'ਚ ਲਗਭਗ 82 ਫੀਸਦੀ ਦੀ ਗਿਰਾਵਟ ਆਈ ਹੈ। ਪਿਛਲੇ 23 ਕਾਰੋਬਾਰੀ ਦਿਨਾਂ ਵਿਚ ਸਮੂਹ ਦੀ ਕੁੱਲ ਮਾਰਕੀਟ ਕੈਪ (ਐਮ-ਕੈਪ) ਘਟ ਕੇ 7.15 ਲੱਖ ਕਰੋੜ ਰੁਪਏ 'ਤੇ ਆ ਗਈ ਹੈ।
24 ਜਨਵਰੀ ਨੂੰ ਇਹ 19.19 ਲੱਖ ਕਰੋੜ ਰੁਪਏ ਸੀ। ਯਾਨੀ ਰਿਪੋਰਟ ਤੋਂ ਬਾਅਦ ਐੱਮ-ਕੈਪ 'ਚ 63 ਫ਼ੀਸਦੀ ਦੀ ਕਮੀ ਆਈ ਹੈ। ਤੁਹਾਨੂੰ ਦੱਸ ਦਈਏ ਕਿ 24 ਜਨਵਰੀ ਨੂੰ ਅਮਰੀਕੀ ਰਿਸਰਚ ਫਰਮ ਹਿੰਡਨਬਰਗ ਨੇ ਆਪਣੀ ਰਿਪੋਰਟ ਜਾਰੀ ਕੀਤੀ ਸੀ। ਇਸ 'ਚ ਗੌਤਮ ਅਡਾਨੀ ਗਰੁੱਪ 'ਤੇ ਸ਼ੇਅਰਾਂ 'ਚ ਹੇਰਾਫੇਰੀ ਅਤੇ ਅਕਾਊਂਟਿੰਗ ਫਰਾਡ ਸਮੇਤ ਕਈ ਦੋਸ਼ ਲੱਗੇ ਸਨ।
ਹਾਲਾਂਕਿ ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਦਿਆਂ ਖਾਰਜ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਅਡਾਨੀ ਦਾ ਸਾਮਰਾਜ ਸਮੁੰਦਰੀ ਬੰਦਰਗਾਹਾਂ ਤੋਂ ਲੈ ਕੇ ਹਵਾਈ ਅੱਡਿਆਂ, ਖਾਣ ਵਾਲੇ ਤੇਲ ਅਤੇ ਵਸਤੂਆਂ, ਊਰਜਾ, ਸੀਮਿੰਟ ਅਤੇ ਡਾਟਾ ਸੈਂਟਰਾਂ ਤੱਕ ਫੈਲਿਆ ਹੋਇਆ ਹੈ।
ਅਡਾਨੀ ਗਰੁੱਪ ਦੇ ਫਲੈਗਸ਼ਿਪ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਦੇ ਐਮਕੈਪ ਵਿਚ ਪਿਛਲੇ ਇੱਕ ਮਹੀਨੇ ਵਿਚ 2.46 ਲੱਖ ਕਰੋੜ ਰੁਪਏ ਦੀ ਗਿਰਾਵਟ ਆਈ ਹੈ।
ਅਡਾਨੀ ਟੋਟਲ ਗੈਸ ਲਿਮਟਿਡ ਦਾ ਮਾਰਕੀਟ ਕੈਪ 3.48 ਲੱਖ ਕਰੋੜ ਰੁਪਏ ਘੱਟ ਗਿਆ ਹੈ। ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਗ੍ਰੀਨ ਐਨਰਜੀ ਨੂੰ ਵੀ ਕ੍ਰਮਵਾਰ 2.32 ਲੱਖ ਕਰੋੜ ਅਤੇ 2.29 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਅਡਾਨੀ ਪਾਵਰ, ਅਡਾਨੀ ਪੋਰਟਸ ਅਤੇ ਅੰਬੂਜਾ ਸੀਮੈਂਟਸ ਨੂੰ ਕ੍ਰਮਵਾਰ 42,522 ਕਰੋੜ ਰੁਪਏ, 51,413 ਕਰੋੜ ਰੁਪਏ ਅਤੇ 31,542 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।