
ਜੰਗ ਨੈੱਟਵਰਕ, ਡਿਜੀਟਲ, ਬਹੁਤ ਕੁਸ਼ਲ ਬਣ ਗਿਆ ਹੈ : ਜਨਰਲ ਅਨਿਲ ਚੌਹਾਨ
ਨਵੀਂ ਦਿੱਲੀ : ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੰਗ ਦੀ ਕਲਾ ਤੇਜ਼ੀ ਨਾਲ ‘ਨੈੱਟਵਰਕਯੁਕਤ, ਡਿਜੀਟਲ ਅਤੇ ਬਹੁਤ ਕੁਸ਼ਲ’ ਹੁੰਦੀ ਜਾ ਰਹੀ ਹੈ ਅਤੇ ਭਵਿੱਖ ਦੀਆਂ ਜੰਗਾਂ ਦੇ ਨਤੀਜਿਆਂ ਦਾ ਫੈਸਲਾ ਕਰਨ ’ਚ ਤਕਨਾਲੋਜੀ ਅਹਿਮ ਭੂਮਿਕਾ ਨਿਭਾਏਗੀ।
ਇੱਥੇ ‘ਭਾਰਤ 2047: ਜੰਗ ਵਿਚ ਆਤਮ ਨਿਰਭਰਤਾ’ ਵਿਸ਼ੇ ’ਤੇ ਚਾਣਕਯ ਸੰਵਾਦ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਾਟਾ ਕੇਂਦਰਿਤ ਜੰਗ ਵਿਚ ਨੈੱਟਵਰਕ ਸੁਰੱਖਿਆ, ਬਹੁਤਾਤ, ਡਾਟਾ ਪ੍ਰਵਾਹ ਵਿਚ ਦੇਰੀ ਅਤੇ ਬਨਾਉਟੀ ਬੁੱਧੀ (ਏ.ਆਈ.) ਦੀ ਵਰਤੋਂ ਦੇ ਨਾਲ-ਨਾਲ ਡਾਟਾ ਦੇ ਭੰਡਾਰਨ, ਇਕੱਤਰ ਕਰਨ ਅਤੇ ਵਿਸ਼ਲੇਸ਼ਣ ਸ਼ਾਮਲ ਹਨ।
ਰੋਬੋਟਿਕਸ ਅਤੇ ਆਟੋਮੇਸ਼ਨ ਦੇ ਰੁਝਾਨਾਂ ਦਾ ਜ਼ਿਕਰ ਕਰਦਿਆਂ ਜਨਰਲ ਚੌਹਾਨ ਨੇ ਇਕੱਠ ਨੂੰ ਦਸਿਆ ਕਿ ਇਸ ਨਾਲ ਭਵਿੱਖ ’ਚ ਮਨੁੱਖਾਂ ਅਤੇ ਮਸ਼ੀਨਾਂ ਅਤੇ ਆਪਸੀ ਮਸ਼ੀਨਾਂ ਵਿਚਕਾਰ ਜੰਗ ਦੀ ਸੰਭਾਵਨਾ ਪੈਦਾ ਹੁੰਦੀ ਹੈ।
ਚੌਹਾਨ ਨੇ ਕਿਹਾ, ‘‘ਅਸੀਂ ਸਾਰੇ ਜਾਣਦੇ ਹਾਂ ਕਿ ਜੰਗ ਤੇਜ਼ੀ ਨਾਲ ਡਿਜੀਟਲ, ਨੈੱਟਵਰਕਯੁਕਤ ਅਤੇ ਬਹੁਤ ਕੁਸ਼ਲ ਹੁੰਦੇ ਜਾ ਰਹੇ ਹਨ। ਇਸ ਲਈ ਮੈਨੂੰ ਲਗਦਾ ਹੈ ਕਿ ਭਵਿੱਖ ਵਿਚ ਬਨਾਉਟੀ ਬੁੱਧੀ, ਡਾਟਾ ਐਨਾਲਿਟਿਕਸ ਅਤੇ ਸੁਪਰਕੰਪਿਊਟਿੰਗ ਵਰਗੀਆਂ ਤਕਨਾਲੋਜੀਆਂ ਜੰਗ ਦੇ ਨਤੀਜੇ ਦਾ ਫੈਸਲਾ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣਗੀਆਂ।’’ ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਡਾਟਾ ਕੇਂਦਰਿਤ ਜੰਗ ਜਾਂ ਬੁੱਧੀਮਾਨ ਜੰਗ ਵਲ ਵਧਣਾ ਚਾਹੁੰਦੇ ਹਨ।
ਥੀਏਟਰ ਕਮਾਂਡ ਦੇ ਸੰਕਲਪ ਨੂੰ ਸਮਝਾਉਂਦੇ ਹੋਏ ਚੀਫ ਆਫ ਡਿਫੈਂਸ ਸਟਾਫ ਨੇ ਇਸ ਨੂੰ ਬਲ ਨਿਰਮਾਣ ਨੂੰ ਬਲ ਲਾਗੂਕਰਨ ਤੋਂ ਵੱਖ ਕਰਨ ਦੀ ਕੋਸ਼ਿਸ਼ ਦਸਿਆ। ਜਨਰਲ ਚੌਹਾਨ ਨੇ ਕਿਹਾ, ‘‘ਹੁਣ ਤਕ ਇਹ ਦੋਵੇਂ ਜ਼ਿੰਮੇਵਾਰੀਆਂ ਫੌਜ ਹੈੱਡਕੁਆਰਟਰ ਜਾਂ ਫੌਜ ਮੁਖੀਆਂ ਕੋਲ ਸਨ। ਉਹ ਭਰਤੀ, ਸਿਖਲਾਈ, ਸਾਜ਼ੋ-ਸਾਮਾਨ ਪ੍ਰਾਪਤੀ ਅਤੇ ਰੱਖ-ਰਖਾਅ ਤੋਂ ਇਲਾਵਾ ਹੋਰ ਕੰਮਾਂ ਲਈ ਵੀ ਜ਼ਿੰਮੇਵਾਰ ਸਨ।’’
ਉਨ੍ਹਾਂ ਕਿਹਾ, ‘‘ਇਸ ਲਈ ਫੋਰਸ ਬਣਾਉਣਾ ਅਤੇ ਫੋਰਸ ਲਾਗੂ ਕਰਨਾ ਇਕ ਜ਼ਿੰਮੇਵਾਰੀ ਸੀ। ਹੁਣ ਅਸੀਂ ਇਸ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਕ ਥੀਏਟਰ ਕਮਾਂਡਰ ਨੂੰ ਨਾਮਜ਼ਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਵੱਖ-ਵੱਖ ਖੇਤਰਾਂ ਤੋਂ ਕੰਮ ਕਰਨ ਦੇ ਸਮਰੱਥ ਹੈ, ਅਰਥਾਤ ਪੁਲਾੜ ਅਤੇ ਸਾਈਬਰ ਤੋਂ ਸਹਾਇਤਾ ਸਮੇਤ ਸਾਰੇ ਤਿੰਨ ਡੋਮੇਨਾਂ ਵਿਚ।’’