 
          	Lahaul-Spiti Snowfall: ਬਿਜਲੀ ਦੇ 53 ਟਰਾਂਸਫ਼ਾਰਮਰ ਠੱਪ
Lahaul-Spiti Snowfall News in punjabi : ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ-ਸਪਿਤੀ ਵਿਚ ਪਿਛਲੇ 24 ਘੰਟਿਆਂ ਤੋਂ ਬਰਫ਼ਬਾਰੀ ਜਾਰੀ ਹੈ। ਅਜਿਹੀ ਸਥਿਤੀ ਵਿਚ ਕਈ ਇਲਾਕਿਆਂ ’ਚ ਬਿਜਲੀ ਪ੍ਰਣਾਲੀ ਠੱਪ ਹੋ ਗਈ ਹੈ। ਲਾਹੌਲ ਸਪਿਤੀ ਵਿਚ 165 ਸੜਕਾਂ ’ਤੇ ਵਾਹਨਾਂ ਦੀ ਆਵਾਜਾਈ 24 ਘੰਟਿਆਂ ਲਈ ਬੰਦ ਕਰ ਦਿਤੀ ਗਈ ਹੈ। ਇਸ ਤੋਂ ਇਲਾਵਾ 53 ਪਾਵਰ ਟਰਾਂਸਫ਼ਾਰਮਰਾਂ ਨੇ ਵੀ ਕੰਮ ਕਰਨਾ ਬੰਦ ਕਰ ਦਿਤਾ ਹੈ। ਬਿਜਲੀ ਦੀ ਘਾਟ ਕਾਰਨ, ਪੇਂਡੂ ਖੇਤਰਾਂ ਦੇ ਲੋਕਾਂ ਨੂੰ ਹੁਣ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲਾਹੌਲ-ਸਪਿਤੀ ਵਿਚ ਵੀਰਵਾਰ ਨੂੰ ਵੀ ਬਰਫ਼ਬਾਰੀ ਜਾਰੀ ਰਹੀ। ਘਾਟੀ ਦੇ ਕਈ ਇਲਾਕਿਆਂ ਵਿਚ 4 ਤੋਂ 5 ਫੁੱਟ ਤੱਕ ਬਰਫ਼ਬਾਰੀ ਹੋਈ ਹੈ। ਭਾਵੇਂ ਲਾਹੌਲ-ਸਪਿਤੀ ਪ੍ਰਸ਼ਾਸਨ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਬਿਜਲੀ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਯਤਨ ਕਰ ਰਿਹਾ ਹੈ ਪਰ ਅਸਮਾਨ ਤੋਂ ਬਰਫ਼ਬਾਰੀ ਹੋਣ ਕਾਰਨ ਕਰਮਚਾਰੀਆਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਹੀ, ਵੀਰਵਾਰ ਨੂੰ ਭਾਰੀ ਬਰਫ਼ਬਾਰੀ ਨੂੰ ਦੇਖਦੇ ਹੋਏ, ਲਾਹੌਲ-ਸਪਿਤੀ ਪ੍ਰਸ਼ਾਸਨ ਨੇ 
ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿਤੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ, ਲਾਹੌਲ-ਸਪਿਤੀ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਖ਼ਰਾਬ ਮੌਸਮ ਦੀ ਸਥਿਤੀ ਵਿਚ ਅਪਣੇ ਘਰਾਂ ’ਚ ਰਹਿਣ ਕਿਉਂਕਿ ਮੌਸਮ ਵਿਭਾਗ ਨੇ ਘਾਟੀ ਦੇ ਵੱਖ-ਵੱਖ ਇਲਾਕਿਆਂ ਵਿਚ ਬਰਫ਼ਬਾਰੀ ਦਾ ਖ਼ਤਰਾ ਵੀ ਦਸਿਆ ਹੈ।
ਸੈਲਾਨੀ ਸ਼ਹਿਰ ਮਨਾਲੀ ਤੋਂ ਨਹਿਰੂ ਕੁੰਡ ਤਕ ਵੀ ਵਾਹਨ ਵਾਪਸ ਭੇਜੇ ਜਾ ਰਹੇ ਹਨ। ਮਨਾਲੀ ਦੇ ਸੋਲਾਂਗ ਨਾਲਾ, ਪਲਚਨ, ਕੋਠੀ ਵਿਚ ਕੱਲ੍ਹ ਤੋਂ ਬਰਫ਼ਬਾਰੀ ਹੋ ਰਹੀ ਹੈ। ਜਿਸ ਕਾਰਨ ਉੱਪਰਲੇ ਇਲਾਕੇ ਵੀ ਕੜਾਕੇ ਦੀ ਠੰਢ ਦੀ ਲਪੇਟ ਵਿਚ ਆ ਗਏ ਹਨ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ 4 ਮਾਰਚ ਤਕ ਖ਼ਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਜਦੋਂ ਕਿ 28 ਫ਼ਰਵਰੀ ਤੱਕ ਸੂਬੇ ਭਰ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
 
                     
                
 
	                     
	                     
	                     
	                     
     
     
     
     
     
                     
                     
                     
                     
                    