
ਭਾਰਤੀ ਕਿਸਾਨ ਯੂਨੀਅਨ ਭੁਪਿੰਦਰ ਸਿੰਘ ਮਾਨ ਦੇ ਆਗੂ ਗੁਣੀ ਪ੍ਰਕਾਸ਼ ਵਿਰੁੱਧ 153ਏ ਅਤੇ ਆਈ.ਟੀ. ਐਕਟ 67ਏ ਤਹਿਤ ਦਰਜ ਹੋਇਆ ਕੇਸ
24 ਅਕਤੂਬਰ 2021 ਨੂੰ ਸਾਂਝੀ ਕੀਤੀ ਗਈ ਸੀ FB 'ਤੇ ਇਤਰਾਜ਼ਯੋਗ ਪੋਸਟ
ਪਿਹੋਵਾ (ਹਰਿਆਣਾ) : ਸਿੱਖ ਇਤਿਹਾਸ ਨੂੰ ਲੈ ਕੇ ਕਰੀਬ ਪੌਣੇ ਦੋ ਸਾਲ ਪਹਿਲਾਂ ਫੇਸਬੁੱਕ 'ਤੇ ਕਥਿਤ ਇਤਰਾਜ਼ਯੋਗ ਪੋਸਟ ਕਰਨ ਦੇ ਮਾਮਲੇ ਵਿਚ ਪਿਹੋਵਾ ਪੁਲਿਸ ਨੇ ਹੁਣ ਭਾਰਤੀ ਕਿਸਾਨ ਯੂਨੀਅਨ ਭੂਪੇਂਦਰ ਮਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਣੀ ਪ੍ਰਕਾਸ਼ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ਵਿਚ 18 ਮਹੀਨੇ ਪਹਿਲਾਂ ਸ਼ਿਕਾਇਤ ਹੋਈ ਸੀ। ਐਸ.ਐਚ.ਓ. ਜਗਦੀਸ਼ਚੰਦਰ ਟਾਮਕ ਦਾ ਕਹਿਣਾ ਹੈ ਕਿ ਗੁਣੀ ਪ੍ਰਕਾਸ਼ ਵਿਰੁੱਧ ਆਈ.ਪੀ.ਸੀ. ਦੀ ਧਾਰਾ 153ਏ ਅਤੇ ਆਈਟੀ ਐਕਟ ਦੀ ਧਾਰਾ 67ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਣੀ ਪ੍ਰਕਾਸ਼ ਦੇ ਫੇਸਬੁੱਕ ਖਾਤੇ 'ਤੇ ਸਿੱਖਾਂ ਅਤੇ ਗੁਰੂ ਗੋਬਿੰਦ ਸਿੰਘ ਨੂੰ ਲੈ ਕੇ 24 ਅਕਤੂਬਰ 2021 'ਚ ਇੱਕ ਪੋਸਟ ਸਾਂਝੀ ਹੋਈ ਸੀ। ਇਸ ਨੂੰ ਲੈ ਕੇ ਉਸ ਸਮੇਂ ਸਿੱਖ ਭਾਈਚਾਰੇ ਵਲੋਂ ਕਾਫ਼ੀ ਰੋਸ ਜਤਾਇਆ ਗਿਆ ਸੀ।
ਇਹ ਵੀ ਪੜ੍ਹੋ : ਟੈਕਸਾਸ: ਲਾਪਤਾ ਬੱਚੇ ਦੇ ਪਿਤਾ ਬਾਰੇ ਪੁਲਿਸ ਦਾ ਵੱਡਾ ਖ਼ੁਲਾਸਾ, ਭਾਰਤ ਭੱਜਣ ਤੋਂ ਪਹਿਲਾਂ ਚੋਰੀ ਕੀਤੇ 10 ਹਜ਼ਾਰ ਅਮਰੀਕੀ ਡਾਲਰ?
ਪਿਹੋਵਾ ਵਿਚ ਸਿਖਾਂ ਵਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਸੀ।ਉਸ ਸਮੇਂ ਐਡਵੋਕੇਟ ਹਰਮਨਜੋਤ ਸਿੰਘ ਗਿੱਲ ਵਲੋਂ ਪਿਹੋਵਾ ਥਾਣੇ ਵਿਚ ਸ਼ਿਕਾਇਤ ਕੀਤੀ ਗਈ ਸੀ। ਉਥੇ ਹੀ, ਹਰਮਨਜੋਤ ਸਿੰਘ ਦਾ ਕਹਿਣਾ ਹੈ ਕਿ ਗੁਣੀ ਪ੍ਰਕਾਸ਼ ਹੁਣ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਦੇ ਪਿਤਾ ਨੂੰ ਜਾਣਬੁਝ ਕੇ ਇਸ ਮਾਮਲੇ ਵਿਚ ਘਸੀਟਿਆ ਜਾ ਰਿਹਾ ਹੈ। ਜਦੋਂ ਕਿ ਖੁਦ ਗੁਣੀ ਪ੍ਰਕਾਸ਼ ਕਈ ਵਾਰ ਸਮਝੌਤੇ 'ਤੇ ਦਬਾਅ ਪਾ ਚੁੱਕੇ ਹਨ।
ਗੁਣੀ ਪ੍ਰਕਾਸ਼ ਨੇ ਇੱਕ ਸਾਂਸਦ ਅਤੇ ਭਾਜਪਾ ਨੇਤਾਵਾਂ ਨਾਲ ਵੀ ਸਮਝੌਤਾ ਕਰਨ ਲਈ ਕਹਾਇਆ ਸੀ। ਉਧਰ, ਭਾਕਿਯੂ ਸੂਬਾ ਪ੍ਰਧਾਨ ਗੁਣੀ ਪ੍ਰਕਾਸ਼ ਨੇ ਕਿਹਾ, 'ਇਹ ਪੋਸਟ ਮੈਂ ਸਾਂਝੀ ਨਹੀਂ ਕੀਤੀ ਸੀ। ਕਿਸੇ ਨੇ ਮੇਰੇ ਨਾਮ ਤੋਂ ਆਈ.ਡੀ. ਬਣਾ ਕੇ ਸ਼ਰਾਰਤ ਕੀਤੀ। ਮੈਂ ਸ਼ਿਕਾਇਤਕਰਤਾ ਦੇ ਪਿਤਾ ਅਤੇ ਸ਼ੂਗਰਫੈੱਡ ਦੇ ਪ੍ਰਧਾਨ ਰਹੇ ਹਰਪਾਲ ਸਿੰਘ ਵਿਰੁੱਧ ਐਚ.ਐਸ.ਜੀ.ਪੀ.ਸੀ. ਦੇ ਮੈਂਬਰਾਂ ਨਾਲ ਜਾ ਕੇ ਮੁੱਖ ਮੰਤਰੀ ਨੂੰ ਸ਼ਿਕਾਇਤ ਸੀ। ਹਰਪਾਲ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਗੁਰਦੁਆਰਾ ਸਾਹਿਬ ਦੀ 24 ਏਕੜ ਜ਼ਮੀਨ ਆਪਣੇ ਨਾਮ ਕਰਵਾਈ ਹੈ। ਇਸ ਵਜ੍ਹਾ ਕਾਰਨ ਉਹ ਦਬਾਅ ਬਣਾਉਣ ਲਈ ਮਾਮਲਾ ਦਰਜ ਕਰਵਾਇਆ ਹੈ।''