
ਕਾਂਗਰਸ ਹੁਣ ਵੀ ਦੇਸ਼ ਵਿਚ ਭਾਜਪਾ ਵਿਰੁਧ ਸੱਭ ਤੋਂ ਭਰੋਸੇਮੰਦ ਬਦਲ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ ਹੋਈ ਪਾਰਟੀ ਦੀ ਹਾਰ ਤੋਂ ਬਾਅਦ ਇਕ ਪਾਸੇ ਜਿਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਪਣਾ ਅਸਤੀਫ਼ਾ ਦੇਣ 'ਤੇ ਅੜੇ ਹੋਏ ਹਨ, ਉਥੇ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਹੀ ਉਹ ਵਿਅਕਤੀ ਹਨ ਜੋ ਇਸ ਮੁਸ਼ਕਲ ਸਮੇਂ ਵਿਚੋਂ ਪਾਰਟੀ ਨੂੰ ਬਾਹਰ ਕੱਢ ਸਕਦੇ ਹਨ।
Rahul Gandhi
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ 'ਖ਼ਤਮ' ਮੰਨ ਲੈਣਾ ਜ਼ਲਦਬਾਜ਼ੀ ਹੋਵੇਗੀ ਕਿਉਂਕਿ ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ਹਾਲੇ ਵੀ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਅਪਣੀ ਹੋਂਦ ਨੂੰ ਬਣਾਏ ਹੋਏ ਹੈ। ਤਿਰੂਵਨੰਤਪੂਰਮ ਤੋਂ ਲਗਾਤਾਰ ਤੀਜੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਥਰੂਰ ਨੇ ਕਿਹਾ ਕਿ ਪਾਰਟੀ ਕੋਲ ਹੱਥ ਤੇ ਹੱਥ ਧਰ ਕੇ ਬੈਠਣ ਦਾ ਸਮਾਂ ਨਹੀਂ ਹੈ ਅਤੇ ਹੁਣ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਲੱਗ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਸਿਰਫ਼ 52 ਸੀਟਾਂ ਹੀ ਮਿਲੀਆਂ ਹਨ।
Rahul Gandhi & Narendra Modi
ਇਸ ਹਾਰ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਪਣਾ ਅਸਤੀਫ਼ਾ ਦੇਣ 'ਤੇ ਅੜੇ ਹੋਏ ਹਨ ਅਤੇ ਕਈ ਸਿਆਸੀ ਮਾਹਰ ਕਾਂਗਰਸ ਦੇ ਭਵਿੱਖ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਵੀ ਦੇਸ਼ ਵਿਚ ਭਾਜਪਾ ਵਿਰੁਧ ਸੱਭ ਤੋਂ ਭਰੋਸੇਮੰਦ ਬਦਲ ਹੈ ਅਤੇ ਉਮੀਦ ਹੈ ਕਿ ਉਹ ਰਾਹੁਲ ਗਾਂਧੀ ਦੇ ਅਗਵਾਈ ਵਿਚ ਅਪਣਾ ਸੰਦੇਸ਼ ਪੂਰੇ ਦੇਸ਼ ਵਿਚ ਲੈ ਕੇ ਜਾਵੇਗੀ। ਰਾਹੁਲ ਗਾਂਧੀ ਨੇ ਅੱਗੇ ਹੋ ਕੇ ਪਾਰਟੀ ਦੀ ਅਗਵਾਈ ਕੀਤੀ ਹੈ ਅਤੇ ਪਾਰਟੀ ਨੂੰ ਉਹ ਕਾਫ਼ੀ ਕੁੱਝ ਦੇ ਸਕਦੇ ਹਨ।
Shashi Tharoor
ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹੋਈ ਹਾਰ ਦਾ ਠੀਕਰਾ ਰਾਹੁਲ 'ਤੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਗ਼ਲਤ ਹੈ। ਰਾਹੁਲ ਨੇ ਜ਼ਿੰਮੇਵਾਰੀ ਨਾਲ ਪਾਰਟੀ ਦਾ ਹੋਈ ਹਾਰ ਦੀ ਸਵੀਕਾਰ ਕੀਤੀ ਹੈ ਹਾਲਾਂਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਰਾਹ ਹੋਣਾ ਮੰਦਭਾਗਾ ਹੈ ਪਰ ਇਸ ਲਈ ਸਾਰੇ ਜ਼ਿੰਮੇਵਾਰ ਹਨ ਅਤੇ ਹੁਣ ਪਾਰਟੀ ਨੂੰ ਮੁੜ ਤੋਂ ਖੜਾ ਕਰਨਾ ਸਾਰਿਆਂ ਦੀ ਵੱਡੀ ਜ਼ਿੰਮੇਵਾਰੀ ਹੈ।