
ਦੇਸ਼ 'ਚ ਕੋਰੋਨਾ ਵਾਇਰਸ ਦੀ ਜਾਂਚ ਤੇਜ਼ ਕਰਨ ਲਈ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀ.ਐਸ.ਆਈ.ਆਰ.) ਨੇ ਰਿਲਾਇੰਸ ਇੰਡਸਟਰੀਜ਼ ਨਾਲ ਮਿਲ ਕੇ ਸਸਤੀ ਜਾਂਚ ਕਿਟ
ਨਵੀਂ ਦਿੱਲੀ, 27 ਮਈ: ਦੇਸ਼ 'ਚ ਕੋਰੋਨਾ ਵਾਇਰਸ ਦੀ ਜਾਂਚ ਤੇਜ਼ ਕਰਨ ਲਈ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀ.ਐਸ.ਆਈ.ਆਰ.) ਨੇ ਰਿਲਾਇੰਸ ਇੰਡਸਟਰੀਜ਼ ਨਾਲ ਮਿਲ ਕੇ ਸਸਤੀ ਜਾਂਚ ਕਿਟ ਵਿਕਸਤ ਕੀਤੀ ਹੈ। ਇਕ ਸਰਕਾਰੀ ਬਿਆਨ ਮੁਤਾਬਕ ਸੀ.ਐਸ.ਆਈ.ਆਰ. ਦੇ ਮੁਖੀ ਡਾ. ਸ਼ੇਖਰ ਪਾਂਡੇ ਦੇ ਮਾਰਗਦਰਸ਼ਨ 'ਚ ਕੋਰੋਨਾ ਵਾਇਰਸ ਬਾਬਤ ਵੱਖੋ-ਵੱਖ ਖੋਜ ਗਤੀਵਿਧੀਆਂ ਨੂੰ ਤਾਲਮੇਲ 'ਚ ਕਰਨ ਲਈ ਪੰਜ ਟੀਚੇ ਤੈਅ ਕੀਤੇ ਗਏ ਹਨ। ਇਹ ਟੀਚੇ ਡਿਜੀਟਲ ਅਤੇ ਅਣੂ ਨਿਗਰਾਨੀ, ਦਵਾਈ ਅਤੇ ਟੀਕੇ, ਤੇਜ਼ ਅਤੇ ਸਸਤਾ ਇਲਾਜ, ਹਸਪਤਾਲ ਸਹਾਇਕ ਉਪਕਰਨ ਅਤੇ ਪੀ.ਪੀ.ਈ. ਅਤੇ ਸਪਲਾਈ ਲੜੀ ਤੇ ਲਾਜਿਸਟਿਕਸ ਹਨ।
ਬਿਆਨ ਮੁਤਾਬਕ ਸੀ. ਐਸ. ਆਈ. ਆਰ.-ਜੰਮੂ ਨੇ ਇਸ ਲਈ ਰਿਲਾਇੰਸ ਇੰਸਡਟਰੀਜ਼ ਨਾਲ ਸਮਝੌਤਾ ਕੀਤਾ ਹੈ। ਇਹ ਕਿੱਟ ਆਰ.ਟੀ.-ਐਲ.ਏ.ਐਮ.ਪੀ. 'ਤੇ ਅਧਾਰਤ ਹੈ। ਇਸ ਦੇ ਕੱਚੇ ਮਾਲ ਸਮੇਤ ਇਹ ਪੂਰੀ ਤਰ੍ਹਾਂ ਦੇਸ਼ ਅੰਦਰ ਬਣਾਈ ਜਾਵੇਗੀ। ਗਲੇ ਅਤੇ ਨੱਕ ਦੇ ਨਮੂਨੇ ਲੈਣ ਤੋਂ ਬਾਅਦ ਇਹ ਸਿਰਫ਼ 45 ਤੋਂ 60 ਮਿੰਟਾਂ ਅੰਦਰ ਹੀ ਟੈਸਟ ਦੀ ਰੀਪੋਰਟ ਦੇ ਦੇਵੇਗੀ। ਇਹ ਵਿਦੇਸ਼ਾਂ ਮੁਕਾਬਲੇ ਮੰਗਵਾਈਆਂ ਕਿੱਟਾਂ ਤੋਂ ਸਸਤੀ ਹੈ ਅਤੇ ਸਟੀਕ ਨਤੀਜੇ ਦਿੰਦੀ ਹੈ। (ਪੀਟੀਆਈ)