
ਦਿੱਲੀ ਵਿਚ ਗ਼ਰੀਬ ਤੇ ਲੋੜਵੰਦ ਸਿੱਖਾਂ ਨੂੰ ਕਾਨੂੰਨੀ ਮਦਦ ਦੇਣ ਅਤੇ ਪੰਥਕ ਮਸਲਿਆਂ ਦੀ ਅਦਾਲਤੀ ਪੈਰਵਾਈ ਕਰਨ ਲਈ ਅੱਜ ਧਾਰਮਕ ਜੱਥੇਬੰਦੀ........
ਨਵੀਂ ਦਿੱਲੀ : ਦਿੱਲੀ ਵਿਚ ਗ਼ਰੀਬ ਤੇ ਲੋੜਵੰਦ ਸਿੱਖਾਂ ਨੂੰ ਕਾਨੂੰਨੀ ਮਦਦ ਦੇਣ ਅਤੇ ਪੰਥਕ ਮਸਲਿਆਂ ਦੀ ਅਦਾਲਤੀ ਪੈਰਵਾਈ ਕਰਨ ਲਈ ਅੱਜ ਧਾਰਮਕ ਜੱਥੇਬੰਦੀ ਯੂਨਾਈਟਡ ਸਿੱਖ ਐਸੋਸੀਏਸ਼ਨ ਨੇ ਆਪਣਾ ਕਾਨੂੰਨੀ ਵਿੰਗ ਕਾਇਮ ਕਰ ਦਿਤਾ ਹੈ। ਜਥੇਬੰਦੀ ਦੇ ਪ੍ਰਧਾਨ ਸ.ਦਮਨਦੀਪ ਸਿੰਘ ਵਲੋਂ ਵਕੀਲ ਨਿਧੀ ਬਾਂਗਾ ਨੂੰ ਕਾਨੂੰਨੀ ਵਿੰਗ ਦਾ ਚੇਅਰਮੈਨ ਥਾਪਿਆ ਗਿਆ ਹੈ ਜੋ ਆਪਣੀ ਲਾਅ ਫ਼ਰਮ ਚਲਾਉਂਦੀ ਹਨ। ਅੱਜ ਇਥੇ ਸੱਦੀ ਪੱਤਰਕਾਰ ਮਿਲਣੀ ਵਿਚ ਸ.ਦਮਨਦੀਪ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਗ਼ਰੀਬ ਸਿੱਖਾਂ ਨੂੰ ਕਾਨੂੰਨੀ ਮਦਦ ਦੇਣ ਲਈ ਕਾਨੂੰਨੀ ਵਿੰਗ ਕਾਇਮ ਕੀਤਾ ਗਿਆ ਹੈ
ਕਿਉਂਕਿ ਮਹਿੰਗੀ ਕਾਨੂੰਨੀ ਸਲਾਹ ਨਾ ਮਿਲਣ ਕਰ ਕੇ, ਗ਼ਰੀਬ ਸਿੱਖਾਂ ਦੇ ਮਸਲੇ ਲਟਕੇ ਰਹਿੰਦੇ ਹਨ। ਕਾਨੂੰਨੀ ਵਿੰਗ ਰਾਹੀਂ ਅਜਿਹੇ ਮਸਲਿਆਂ ਨੂੰ ਹੱਲ ਕਰਨਾ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਅਖਉਤੀ ਭ੍ਰਿਸ਼ਟਾਚਾਰ ਦਾ ਟਾਕਰਾ ਕੀਤਾ ਜਾਵੇਗਾ। 'ਸਪੋਕਸਮੈਨ' ਵਲੋਂ ਪੁੱਛੇ ਸਵਾਲ ਦੇ ਜਵਾਬ 'ਚ ਐਡਵੋਕੇਟ ਨਿਧੀ ਬਾਂਗਾ ਨੇ ਕਿਹਾ ਕਿ ਅੱਜ ਲੋੜਵੰਦ ਸਿੱਖਾਂ ਲਈ ਕਾਨੂੰਨੀ ਸਲਾਹ ਲੈਣਾ ਹੀ ਇਕ ਵੱਡਾ ਮਸਲਾ ਬਣਿਆ ਹੋਇਆ ਹੈ ਤੇ ਸਾਡਾ ਟੀਚਾ ਹੈ ਕਿ ਸਹੀ ਕਾਨੂੰਨੀ ਜਾਣਕਾਰੀ ਦੇ ਕੇ, ਜਿਥੇ ਗ਼ਰੀਬ ਸਿੱਖਾਂ ਦੇ ਮਸਲੇ ਹੱਲ ਕੀਤੇ ਜਾਣ, ਉਥੇ ਸਿੱਖ ਮੁੰਡੇ ਕੁੜੀਆਂ ਵਿਚ ਦਹੇਜ਼ ਤੇ ਹੋਰ ਘਰੇਲੂ ਝਗੜਿਆਂ ਕਾਰਨ ਤਲਾਕ
ਦੇ ਵੱਧ ਰਹੇ ਮਾਮਲਿਆਂ ਨੂੰ ਸਹੀ ਸਲਾਹ ਦੇ ਕੇ, ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ, “ਹੁਕਾ ਬਾਰਾਂ ਰਾਹੀਂ ਵੀ ਸਿੱਖਾਂ ਦੇ ਜਜ਼ਬਾਤ ਨੂੰ ਸੱਟ ਮਾਰਨ ਦੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ, ਅਜਿਹੇ ਮਾਮਲਿਆਂ ਨਾਲ ਕਾਨੂੰਨੀ ਤੌਰ 'ਤੇ ਨਜਿੱਠਣ ਦੇ ਨਾਲ ਹੋਰ ਸਿੱਖ ਮਸਲਿਆਂ ਬਾਰੇ ਕਾਨੂੰਨੀ ਲੜਾਈ ਲੜਨਾ ਸਾਡਾ ਟੀਚਾ ਹੈ।“ ਜਥੇਬੰਦੀ ਦੇ ਮੀਡੀਆ ਇੰਚਾਰਜ ਸ.ਪਰਵਿੰਦਰ ਸਿੰਘ ਕੋਛੜ, ਸ.ਸੁਖਦੀਪ ਸਿੰਘ, ਸ.ਹਰਪਾਲ ਸਿੰਘ, ਸ.ਮਾਣਕ ਸਿੰਘ ਬੇਦੀ, ਸ.ਹਰਮਨਦੀਪ ਸਿੰਘ ਲਾਲੀ, ਗੁਰਪਾਲ ਸਿੰਘ ਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।