
ਕੋਰੋਨਾ ਵਾਇਰਸ ਮਹਾਂਮਾਰੀ ਨੇ ਦੇਸ਼ ਭਰ ਦੇ ਵਪਾਰ ਅਤੇ ਉਦਯੋਗ ਨੂੰ ਠੱਪ ਕਰ ਦਿੱਤਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨੇ ਦੇਸ਼ ਭਰ ਵਿਚ ਵਪਾਰ ਅਤੇ ਉਦਯੋਗ ਨੂੰ ਠੱਪ ਕਰ ਦਿੱਤਾ ਹੈ। ਲੋਕ ਇਸ ਮਹਾਂਮਾਰੀ ਦੇ ਦੌਰ ਵਿਚ ਅਪਣੀ ਆਮਦਨ ਲਈ ਨਵੇਂ ਵਪਾਰ ਦੀ ਤਲਾਸ਼ ਵਿਚ ਲੱਗੇ ਹੋਏ ਹਨ। ਇਸ ਦੇ ਚਲਦਿਆਂ ਹਾਲ ਹੀ ਵਿਚ ਇਕ ਖ਼ਬਰ ਆਈ ਸੀ ਕਿ ਕੈਬ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਓਲਾ ਅਤੇ ਉਬਰ ਨੇ ਹਜ਼ਾਰਾਂ ਦੀ ਗਿਣਤੀ ਵਿਚ ਡਰਾਇਵਰਾਂ ਦੀ ਕੰਮ ਤੋਂ ਛੁੱਟੀ ਕਰ ਦਿੱਤੀ ਹੈ।
Uber
ਹੁਣ ਇਹ ਡਰਾਇਵਰ ਅਪਣੀ ਆਮਦਨ ਲਈ ਨਵੇਂ ਕੰਮ ਨੂੰ ਅਪਣਾਉਣ ਲਈ ਮਜਬੂਰ ਹਨ। ਹਾਲ ਹੀ ਵਿਚ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਕੈਬ ਚਾਲਕਾਂ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹਨਾਂ ਵਿਚ ਕੈਬ ਚਾਲਕ ਫਲ਼ ਅਤੇ ਜੂਸ ਵੇਚਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਕਈ ਸ਼ਹਿਰਾਂ ਵਿਚ ਟੈਕਸੀ ਚਾਲਕਾਂ ਨੇ ਬੈਂਕ ਤੋਂ ਲੋਨ ਲੈ ਕੇ ਕਾਰਾਂ ਖਰੀਦੀਆਂ ਸਨ।
Cab Drivers Selling Juice
ਹੁਣ ਉਹਨਾਂ ਵੱਲੋਂ ਵਿਆਜ ਭਰਨਾ ਮੁਸ਼ਕਿਲ ਹੋ ਗਿਆ ਹੈ। ਇਸ ਲਈ ਉਹ ਫਲ ਵੇਚਣ ਲਈ ਮਜਬੂਰ ਹਨ। ਇਕ ਅੰਗਰੇਜ਼ੀ ਵੈੱਬਸਾਈਟ ਵਿਚ ਛਪੀ ਰਿਪੋਰਟ ਅਨੁਸਾਰ ਕਈ ਕੈਬ ਚਾਲਕਾਂ ਦੇ ਡਰਾਇਵਿੰਗ ਲਾਇਸੈਂਸ, ਰਜਿਸਟਰੇਸ਼ਨ ਅਤੇ ਫਿਟਨੈੱਸ ਸਰਟੀਫੀਕੇਟ ਦੀ ਮਿਆਦ ਵੀ ਖਤਮ ਹੋ ਗਈ ਹੈ। ਓਲਾ ਅਤੇ ਉਬਰ ਕੈਬ ਚਾਲਕਾਂ ਦੇ ਵਾਹਨ ਫਿਟਨੈਸ ਸਰਟੀਫਿਕੇਟ ਦੀ ਮਿਆਦ ਖਤਮ ਹੋਣ ਕਾਰਨ ਉਹਨਾਂ ਦੀ ਆਈਡੀ ਨੂੰ ਵੀ ਕੰਪਨੀ ਨੇ ਬਲਾਕ ਕਰ ਦਿੱਤਾ ਹੈ।
Ola Cab
ਜਿਸ ਨਾਲ ਉਹਨਾਂ ਨੂੰ ਮਿਲ਼ਣ ਵਾਲੀਆਂ ਰਾਈਡਾਂ ਦੀ ਬੁਕਿੰਗ ਬੰਦ ਹੋ ਗਈ ਹੈ। ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਵਾਹਨ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦੀ ਮਿਆਦ ਨੂੰ ਸਤੰਬਰ ਤੱਕ ਲਈ ਵਧਾ ਦਿੱਤਾ ਹੈ, ਇਸ ਦੇ ਬਾਵਜੂਦ ਓਲਾ ਅਤੇ ਉਬਰ ਆਦਿ ਪਲੇਟਫਾਰਮ ਕੈਬ ਚਾਲਕਾਂ ਨੂੰ ਲਾਇਸੈਂਸ ਰੀਨਿਊ ਕਰਵਾਉਣ ਲਈ ਪਰੇਸ਼ਾਨ ਕਰ ਰਹੇ ਹਨ।
Cab Drivers Selling Fruits
ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਅਤੇ ਦਿੱਲੀ ਆਦਿ ਸੂਬਿਆਂ ਨੇ ਆਟੋ, ਟੈਕਸੀ ਅਤੇ ਕੈਬ ਚਾਲਕਾਂ ਨੂੰ ਰਾਹਤ ਪਹੁੰਚਾਉਣ ਲਈ ਇਹਨਾਂ ਦੇ ਖਾਤਿਆਂ ਵਿਚ ਕੁੱਲ 262 ਕਰੋੜ ਰੁਪਏ ਜਮਾਂ ਕਰਨ ਦਾ ਐਲਾਨ ਕੀਤਾ ਸੀ, ਇਸ ਸਕੀਮ ਵਿਚ ਕੁੱਲ 2,62,493 ਚਾਲਕਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।