
ਪਿਛਲੇ 24 ਘੰਟੇ 'ਚ ਇਕ ਦਿਨ ਵਿਚ ਸੱਭ ਤੋਂ ਵੱਧ 18,552 ਨਵੇਂ ਮਾਮਲੇ
ਨਵੀਂ ਦਿੱਲੀ, 27 ਜੂਨ : ਦੇਸ਼ ਵਿਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਇਕ ਲੱਖ ਪਹੁੰਚਨ 'ਚ 110 ਦਿਨ ਲੱਗੇ ਜਦੋਂ ਕਿ ਪੰਜ ਲੱਖ ਦਾ ਅੰਕੜਾ ਪਾਰ ਕਰਨ 'ਚ ਸਿਰਫ਼ 39 ਦਿਨ ਲੱਗੇ। ਭਾਰਤ ਵਿਚ ਸਨਿਚਰਵਾਰ ਨੂੰ 18,552 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ 5.08 ਲੱਖ ਦੇ ਪਾਰ ਪਹੁੰਚ ਗਿਆ ਹੈ। ਜਦਕਿ ਪਿਛਲੇ 24 ਘੰਟਿਆਂ 'ਚ 384 ਲੋਕਾਂ ਦੀ ਮੌਤ ਹੋਈ ਹੈ। ਭਾਰਤ ਵਿਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਕੁਲ ਗਿਣਤੀ 5,08,953 ਹੋ ਗਈ ਹੈ।
ਜਿਸ ਵਿਚੋਂ 1,97,387 ਸਰਗਰਮ ਮਾਮਲੇ ਹਨ ਜਿਸ ਤਰ੍ਹਾਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਨੀ ਹੀ ਰਫ਼ਤਾਰ ਨਾਲ ਦੇਸ਼ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਹੁਣ ਤਕ 2,95,881 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 15,685 ਲੋਕਾਂ ਦੀ ਮੌਤ ਹੋ ਚੁਕੀ ਹੈ। ਉਧਰ ਹੀ ਕੋਰੋਨਾ ਵਾਇਰਸ ਦੀ ਟੈਸਟਿੰਗ ਦੇ ਅੰਕੜੇ ਵੀ ਵੱਧ ਰਹੇ ਹਨ। ਦੇਸ਼ ਵਿਚ 26 ਜੂਨ ਨੂੰ 22,04,79 ਨਮੂਨਿਆਂ ਦੀ ਜਾਂਚ ਕੀਤੀ ਗਈ। 26 ਜੂਨ ਤੱਕ 79,96,707 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ।
ਦੇਸ਼ ਵਿਚ ਮਹਾਰਾਸ਼ਟਰ ਸੂਬਾ ਕੋਰੋਨਾ ਕਾਰਨ ਸੱਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਮਹਾਰਾਸ਼ਟਰ ਵਿਚ ਕੋਰੋਨਾ ਦੇ 1,52,765 ਮਾਮਲੇ ਸਾਹਮਣੇ ਆਏ ਹਨ ਅਤੇ ਮੌਤਾਂ ਦੇ ਮਾਮਲੇ ਵੀ ਵੱਧ ਰਹੇ ਹਨ। ਪ੍ਰਦੇਸ਼ ਵਿਚ ਕੋਰੋਨਾ ਕਾਰਨ ਹੁਣ ਤਕ 7106 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਥੇ ਇਕ ਦਿਨ ਵਿਚ 5000 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦਿੱਲੀ ਵਿਚ 77,240 ਅਤੇ 2,492 ਮੌਤਾਂ ਹੋਈਆਂ ਹਨ, ਤਾਮਿਲਨਾਡੂ ਵਿਚ 74745 ਕੇਸ 957 ਮੌਤਾਂ ਨਾਲ ਹਨ। ਮਹਾਰਾਸ਼ਟਰ, ਦਿੱਲੀ ਤੋਂ ਬਾਅਦ ਤਾਮਿਲਨਾਡੂ ਵਿਚ ਵੀ ਕੋਰੋਨਾ ਨੇ ਰਫ਼ਤਾਰ ਫੜੀ ਹੈ। ਤਾਮਿਲਨਾਡੂ ਵਿਚ ਵਾਇਰਸ ਦੇ 3645 ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 3460 ਨਵੇਂ ਕੇਸ ਸਾਹਮਣੇ ਆਏ ਹਨ। (ਪੀਟੀਆਈ)
Photo
ਸਿਹਤ ਮੰਤਰਾਲੇ ਨੇ ਸਟੇਰਾਇਡ ਡੇਕਸਾਮੇਥਾਸੋਨ ਨੂੰ ਕੋਵਿਡ-19 ਦੇ ਇਲਾਜ 'ਚ ਸ਼ਾਮਲ ਕੀਤਾ
ਨਵੀਂ ਦਿੱਲੀ, 27 ਜੂਨ : ਕੇਂਦਰੀ ਸਿਹਤ ਮੰਤਰਾਲੇ ਨੇ ਸਸਤੇ ਅਤੇ ਵਿਆਪਕ ਤੌਰ 'ਤੇ ਇਸਤੇਮਾਲ ਕੀਤੇ ਜਾਣ ਵਾਲੇ ਸਟੇਰਾਇਡ ਡੇਕਸਾਮੇਥਾਸੋਨ ਨੂੰ ਸਨਿਚਰਵਾਰ ਨੂੰ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਸਬੰਧੀ ਪ੍ਰੋਟੋਕਾਲ 'ਚ ਸ਼ਾਮਲ ਕਰ ਲਿਆ ਹੈ। ਮੰਤਰਾਲੇ ਨੇ ਦਸਿਆ ਕਿ ਅਧਿਐਨ ਕੀਤੇ ਗਏ 'ਕਲੀਨੀਕਲੀ ਪਬੰਧਨ ਪ੍ਰੋਟੋਕਾਲ' 'ਚ ਕੋਵਿਡ-19 ਦੇ ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਮਿਧਾਈਲਪ੍ਰੇਡਨਿਸੋਲੋਨ ਦੇ ਵਿਕਲਪ ਦੇ ਤੌਰ 'ਤੇ ਡੇਕਸਾਮੇਥਾਸੋਨ ਦੇ ਇਸਤੇਮਾਲ ਦੀ ਸਲਾਹ ਨੂੰ ਸ਼ਾਮਲ ਕੀਤਾ ਹੈ। ਇਸ ਸਟੇਰਾਇਡ ਦਾ ਇਸਤੇਮਾਲ ਪਹਿਲਾਂ ਹੀ ਸੋਜ ਘੱਟ ਕਰਨ ਵਾਲੇ ਅਤੇ ਪ੍ਰਤੀਰਖਿਆ ਸਮਰਥਾ ਨੂੰ ਘੱਟ ਕਰਨ ਜਿਹੇ ਇਸ ਦੇ ਪ੍ਰਭਾਵਾਂ ਕਾਰਨ ਕਈ ਸਥਿਤੀਆਂ ਵਿਚ ਕੀਤਾ ਜਾ ਰਿਹਾ ਹੈ।
ਇਹ ਤਬਦੀਲੀ ਤਾਜਾ ਉਪਲਬੱਧ ਸਬੂਤਾਂ 'ਤੇ ਵਿਚਾਰ ਕਰਨ ਅਤੇ ਮਾਹਰਾਂ ਨਾਲ ਵਿਚਾਰ ਵਟਾਂਦਰੇ ਕਰਨ ਦੇ ਬਾਅਦ ਕੀਤਾ ਗਿਆ। ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੂਦਨ ਨੇ ਸੋਧੇ ਪ੍ਰੋਟੋਕਾਲ ਸਾਰੇ ਰਾਜਾਂ ਅਤੇ ਕੇਂਦਰਸ਼ਾਸਤ ਪ੍ਰਦੇਸ਼ਾਂ ਨੂੰ ਇਸ ਦੀ ਉਪਲਬੱਧਤਾ ਲਈ ਜ਼ਰੂਰੀ ਬੰਦੋਬਸਤ ਕਰਨ ਲਈ ਭੇਜ ਦਿਤੇ ਹਨ। ਸਿਹਤ ਮੰਤਰਾਲੇ ਨੇ 13 ਜੂਨ ਨੂੰ ਕੋਵਿਡ 19 ਦੇ ਇਲਾਜ ਲਈ ਐਮਰਜੈਂਸੀ 'ਚ ਐਂਟੀ ਵਾਇਰਸ ਦਵਾਈ ਰੇਮਡੇਸਿਵਿਰ, ਪ੍ਰਤੀਰੋਧਕ ਸਮਰਥਾ ਲਈ ਵਰਤੀ ਜਾਣ ਵਾਲੀ ਦਵਾਈ ਟੋਸੀਲੀਜੁਮੈਬ ਦੇ ਇਸਤੇਮਾਲ ਅਤੇ ਮੱਧਮ ਪੱਧਰ ਦੇ ਰੋਗੀਆਂ ਨੂੰ ਪਲਾਜ਼ਮਾ ਇਲਾਜ ਦੀ ਇਜਾਜ਼ਤ ਦੇ ਦਿਤੀ ਸੀ।
ਉਸ ਨੇ ਬਿਮਾਰੀ ਦੀ ਸ਼ੁਰੂਆਤ 'ਚ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਦਾ ਇਸਤੇਮਾਲ ਕਰਨ ਅਤੇ ਗੰਭੀਰ ਮਾਮਲਿਆਂ 'ਚ ਇਸ ਨਾਲ ਬਚਣ ਦੀ ਵੀ ਸਲਾਹ ਦਿਤੀ ਸੀ। ਇਨ੍ਹਾਂ ਦਾਵਈਆਂ ਦਾ ਇਸਤੇਮਾਲ ''ਖੋਜ ਵਿਧੀ'' ਦੇ ਤਹਿਤ ਸੋਧੇ ਇਲਾਜ ਪ੍ਰੋਟੋਕਾਲ ਵਿਚ ਸ਼ਾਮਲ ਹੈ। ਮੰਤਰਾਲੇ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਸਾਹ ਲੈਣ 'ਚ ਤਕਲੀਫ਼ ਹੈ ਅਤੇ ਜਿਨ੍ਹਾਂ ਨੂੰ ਵੈਂਟੀਲੇਸ਼ਨ ਦੀ ਲੋੜ ਹੈ, ਉਨ੍ਹਾਂ ਨੂੰ ਪੰਜ ਤੋਂ ਸੱਤ ਦਿਨਾਂ ਤਕ ਦੋ ਖ਼ੁਰਾਕਾਂ 'ਚ ਵੰਢ ਕੇ ਇਕ ਤੋਂ ਦੋ ਮਿਲੀਗਾ੍ਰਮ ਪ੍ਰਤੀ ਦਿਨ ਮਿਥਾਈਲਪ੍ਰੇਡਨਿਸੋਲੋਨ ਜਾਂ 0.2 ਤੋਂ 0.4 ਮਿਮੀਗ੍ਰਾ ਪ੍ਰਤੀ ਦਿਨ ਡੇਕਸਾਮਥਾਸੋਨ ਦੇਣ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। (ਪੀਟੀਆਈ)