
ਭਾਰਤ ਨੇ ਪਾਕਿਸਤਾਨ 'ਤੇ ਇਸ ਮਾਮਲੇ 'ਚ ਘੱਟ ਸੁਹਿਰਦ ਹੋਣ ਦੇ ਲਾਏ ਦੋਸ਼
ਚੰਡੀਗੜ੍ਹ : ਕਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਲੰਮੇ ਲੌਕਡਾਊਨ ਤੋਂ ਬਾਅਦ ਜ਼ਿੰਦਗੀ ਹੋਲੀ ਹੋਲੀ ਪਟੜੀ 'ਤੇ ਆ ਰਹੀ ਹੈ। ਇਸੇ ਦੌਰਾਨ ਕਰੋਨਾ ਪਾਜ਼ੇਟਿਵ ਕੇਸਾਂ ਦੇ ਵਧਦੇ ਮਾਮਲੇ ਇਕ ਵਾਰ ਫਿਰ ਲੌਕਡਾਊਨ ਦੀ ਕੌੜੀ ਯਾਦ ਤਾਜ਼ਾ ਕਰਵਾ ਰਹੇ ਹਨ। ਇਸ ਕਾਰਨ ਦੇਸ਼ ਅੰਦਰ ਇਕ ਸੂਬੇ ਤੋਂ ਦੂਜੇ ਸੂਬੇ ਅੰਦਰ ਲੋਕਾਂ ਦੀ ਆਮਦ 'ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
Kartarpur Sahib Corridor
ਪਰ ਇਸ ਦਰਮਿਆਨ ਗੁਆਢੀ ਮੁਲਕ ਪਾਕਿਸਤਾਨ ਨੇ ਜਿਸ ਤੇਜ਼ੀ ਨਾਲ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਅਚਾਨਕ ਐਲਾਨ ਕੀਤਾ ਹੈ, ਉਸ ਨੇ ਇਕ ਵਾਰ ਸਭ ਨੂੰ ਹੈਰਾਨੀ ਵਿਚ ਪਾ ਦਿਤਾ ਹੈ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ, ਜਦੋਂ ਦੋਵੇਂ ਦੇਸ਼ਾਂ ਅੰਦਰ ਜਿੱਥੇ ਕਰੋਨਾ ਦੇ ਮਾਮਲੇ ਵੱਧ ਰਹੇ ਹਨ ਉਥੇ ਸਰਹੱਦਾਂ 'ਤੇ ਵੀ ਮਾਹੌਲ ਕੋਈ ਬਹੁਤਾ ਵਧੀਆ ਨਹੀਂ ਹੈ। ਇਸ ਕਾਰਨ ਇਸ ਅਚਾਨਕ ਹੋਈ ਪੇਸ਼ਕਸ਼ ਨੇ ਇਕ ਵਾਰ ਭਾਰਤੀ ਅਧਿਕਾਰੀਆਂ ਨੂੰ ਵੀ ਚੱਕਰਾਂ 'ਚ ਪਾ ਦਿਤਾ। ਇਸ ਤੋਂ ਬਾਅਦ ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੀ ਲਾਂਘਾ ਖੋਲ੍ਹਣ ਦੀ ਤਜਵੀਜ਼ ਨੂੰ ਫ਼ਿਲਹਾਲ ਸਿਹਤ ਤੇ ਤਕਨੀਕੀ ਅਧਾਰ 'ਤੇ ਠੰਡੇ ਬਸਤੇ ਵਿਚ ਪਾ ਦਿਤਾ ਹੈ।
Kartarpur Sahib Corridor
ਦਰਅਸਲ ਸ਼ਨੀਵਾਰ ਨੂੰ ਪਾਕਿਸਤਾਨ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 29 ਜੂਨ ਨੂੰ ਗਲਿਆਰਾ ਮੁੜ ਖੋਲ੍ਹਣ ਦੀ ਪੇਸ਼ਕਸ਼ ਕੀਤੀ ਸੀ। ਭਾਰਤ ਨੇ ਇਸ ਨੂੰ ਕੁਝ ਘੰਟਿਆਂ ਬਾਅਦ ਹੀ ਰੱਦ ਕਰ ਦਿਤਾ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਇਸ ਸਬੰਧੀ ਫ਼ੈਸਲਾ ਸਿਹਤ ਅਥਾਰਿਟੀ ਤੇ ਹੋਰਨਾਂ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰੇ ਤੋਂ ਹੀ ਬਾਅਦ ਲਿਆ ਜਾਵੇਗਾ ਕਿਉਂਕਿ ਇਹ ਯਾਤਰਾ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਮਕਸਦ ਨਾਲ ਮੁਅੱਤਲ ਕੀਤੀ ਗਈ ਸੀ।
Kartarpur Sahib Corridor
ਭਾਰਤ ਨੇ ਪਾਕਿਸਤਾਨ 'ਤੇ ਇਸ ਮਾਮਲੇ ਵਿਚ ਘੱਟ ਸੁਹਿਰਦ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸਲਾਮਾਬਾਦ ਨੇ ਇਹ ਪੇਸ਼ਕਸ਼ ਸਿਰਫ ਦੋ ਦਿਨ ਪਹਿਲਾਂ ਕੀਤੀ ਹੈ ਜਦੋਂਕਿ ਦੁਵੱਲੇ ਸਮਝੌਤੇ ਤਹਿਤ ਅਜਿਹੀ ਸੂਚਨਾ ਯਾਤਰਾ ਦੀ ਤਰੀਕ ਤੋਂ ਘੱਟੋ-ਘੱਟ ਸੱਤ ਦਿਨ ਪਹਿਲਾਂ ਦੇਣੀ ਹੁੰਦੀ ਹੈ ਕਿਉਂਕਿ ਇਸ ਲਈ ਭਾਰਤ ਨੂੰ ਪਹਿਲਾਂ ਰਜਿਸਟਰੇਸ਼ਨ ਕਰਨੀ ਹੁੰਦੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਦੁਵੱਲੇ ਸਮਝੌਤੇ ਤਹਿਤ ਵਾਅਦਾ ਕਰਨ ਦੇ ਬਾਵਜੂਦ ਰਾਵੀ ਨਦੀ ਦੀ ਮਾਰ ਹੇਠ ਆਉਣ ਵਾਲੇ ਇਲਾਕੇ ਵਿਚ ਪੁਲ ਵੀ ਨਹੀਂ ਬਣਾਇਆ। ਮੌਨਸੂਨ ਦੇ ਮੱਦੇਨਜ਼ਰ ਇਸ ਦਾ ਮੁਲਾਂਕਣ ਕਰਨ ਦੀ ਲੋੜ ਹੋਵੇਗੀ ਤਾਂ ਜੋ ਗਲਿਆਰੇ ਰਾਹੀਂ ਸੁਰੱਖਿਅਤ ਤੀਰਥ ਯਾਤਰਾ ਸੰਭਵ ਹੋ ਸਕੇ।
Kartarpur Sahib corridor
ਕਾਬਲੇਗੌਰ ਹੈ ਕਿ ਕੋਵਿਡ-19 ਦੇ ਕਾਰਨ ਭਾਰਤ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਨੂੰ 16 ਮਾਰਚ ਤੋਂ ਬੰਦ ਕਰ ਦਿਤਾ ਸੀ। ਜਿਸ ਤੋਂ ਬਾਅਦ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਸ਼ਰਧਾਲੂਆਂ ਦੇ ਜਾਣ 'ਤੇ ਰੋਕ ਲੱਗ ਗਈ ਸੀ। ਪੈਸੇਂਜਰ ਟਰਮੀਨਲ 'ਤੇ ਤਾਇਨਾਤ ਕਸਟਮ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਕਾਰੀਡੋਰ ਉਦੋਂ ਤਕ ਬੰਦ ਰਹੇਗਾ ਜਦੋਂ ਤਕ ਨੋਵਲ ਕੋਰੋਨਾ ਵਾਇਰਸ ਦਾ ਖ਼ਤਰਾ ਘੱਟ ਨਹੀਂ ਹੋ ਜਾਂਦਾ। ਜ਼ਿਕਰਯੋਗ ਹੈ ਕਿ 72 ਸਾਲ ਦੇ ਇੰਤਜ਼ਾਰ ਮਗਰੋਂ 2019 'ਚ 9 ਨਵੰਬਰ ਨੂੰ ਇਹ ਕਾਰੀਡੋਰ ਖੁੱਲ੍ਹਾ ਸੀ। ਕਾਰੀਡੋਰ ਖੁੱਲ੍ਹਣ ਮਗਰੋਂ 128 ਦਿਨਾਂ 'ਚ 62 ਹਜ਼ਾਰ 206 ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।