
ਦੇਸ਼ ਵਿਚ ਹਿੰਦੀ ਭਾਸ਼ਾ ਉਤੇ ਪਾਬੰਦੀ ਲਾਉਣ ਦੀ ਤਿਆਰੀ
ਨਵੀਂ ਦਿੱਲੀ, 27 ਜੂਨ : ਨੇਪਾਲ ਦਾ ਭਾਰਤ ਵਿਰੋਧੀ ਰੁਖ਼ ਲਗਾਤਾਰ ਸਾਹਮਣੇ ਆ ਰਿਹਾ ਹੈ। ਪਹਿਲਾਂ ਤਾਂ ਉਸ ਦੇ ਕੇਵਲ ਭਾਰਤ ਨਾਲ ਸਿਆਸੀ ਮਤਭੇਦ ਸਨ ਪਰ ਹੁਣ ਉਹ ਭਾਰਤ ਨਾਲ ਸਭਿਆਚਾਰਕ ਸਾਂਝ ਵੀ ਨਹੀਂ ਰਖਣਾ ਚਾਹੁੰਦਾ। ਨਵੇਂ ਰਾਜਨੀਤਕ ਨਕਸ਼ੇ ਵਿਚ ਉਤਰਾਖੰਡ ਦੇ ਤਿੰਨ ਖਿੱਤਿਆਂ ਨੂੰ ਅਪਣੇ ਦੱਸਣ ਤੋਂ ਬਾਅਦ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਸਰਕਾਰ ਨੇ ਸੰਸਦ ਵਿਚ ਹਿੰਦੀ 'ਤੇ ਪਾਬੰਦੀ ਲਗਾਉਣ ਬਾਰੇ ਗੱਲ ਕਰਨੀ ਸ਼ੁਰੂ ਕਰ ਦਿਤੀ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਨਾਲ ਬਣੇ ਹਾਲਾਤ ਕਾਰਨ ਪ੍ਰਧਾਨ ਮੰਤਰੀ ਬੁਰੀ ਤਰ੍ਹਾਂ ਘਿਰੇ ਹੋਏ ਹਨ, ਲੋਕਾਂ ਦਾ ਧਿਆਨ ਇਸ ਮੁੱਦੇ ਤੋਂ ਹਟਾਉਣ ਲਈ ਇਸ ਤਰ੍ਹਾਂ ਦੇ ਫ਼ੈਸਲੇ ਲਏ ਜਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਹੁਣ ਤਕ ਨੇਪਾਲ ਦੀ ਭਾਰਤ ਨਾਲ 'ਰੋਟੀ-ਬੇਟੀ' ਦਾ ਰਿਸ਼ਤਾ ਰਿਹਾ ਪਰ ਹੁਣ ਉਹ ਚੀਨ ਦਾ ਝੋਲੀ ਚੁਕ ਬਣ ਕੇ ਭਾਰਤ ਨਾਲ ਰਿਸ਼ਤੇ ਤੋੜਨ ਲਈ ਕੋਈ ਵੀ ਪ੍ਰਾਪੇਗੰਡਾ ਕਰਨ ਲਈ ਤਿਆਰ ਬੈਠਾ ਹੈ। ਹਾਲਾਂਕਿ ਜਿਵੇਂ ਹੀ ਸੰਸਦ ਵਿਚ ਪ੍ਰਸਤਾਵ ਪੇਸ਼ ਕੀਤਾ ਗਿਆ, ਅਪਣੀ ਪਾਰਟੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ।
Photo
ਇਸ ਦਾ ਕਾਰਨ ਇਹ ਹੈ ਕਿ ਨੇਪਾਲ ਵਿਚ ਇਕ ਵੱਡੀ ਆਬਾਦੀ ਹਿੰਦੀ ਬੋਲਦੀ ਹੈ। ਖ਼ਾਸ ਕਰ ਕੇ ਜਿਹੜੇ ਲੋਕ ਤਰਾਈ ਵਿਚ ਰਹਿੰਦੇ ਹਨ, ਉਹ ਸਿਰਫ਼ ਹਿੰਦੀ, ਭੋਜਪੁਰੀ ਜਾਂ ਮੈਥਿਲੀ ਬੋਲਦੇ ਹਨ।
ਜ਼ਿਕਰਯੋਗ ਹੈ ਕਿ ਨੇਪਾਲ ਦੇ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਹਿੰਦੀ ਬੋਲਦੇ ਹਨ। ਇਹ ਪ੍ਰਗਟਾਵਾ ਨੇਪਾਲ ਵਿਚ ਸਾਲ 2011 ਵਿਚ ਕੀਤੀ ਗਈ ਮਰਦਮਸ਼ੁਮਾਰੀ ਤੋਂ ਹੋਇਆ ਸੀ। ਭਾਰਤ ਦੀ ਸਰਹੱਦ ਨਾਲ ਲਗਦੇ ਇਨ੍ਹਾਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਕੁੱਲ ਸੰਖਿਆ 77,569 ਹੈ।
ਇਸ ਦਾ ਅਰਥ ਹੈ ਕਿ ਇਹ ਨੇਪਾਲ ਦੀ ਆਬਾਦੀ ਦਾ ਲਗਭਗ 0.29 ਫ਼ੀ ਸਦੀ ਹੈ। ਇਸ ਤੋਂ ਬਾਅਦ ਵੀ ਨੇਪਾਲ ਦੇ ਵੱਡੇ ਹਿੱਸਿਆਂ ਵਿਚ ਲੋਕ ਹਿੰਦੀ ਬੋਲਦੇ ਅਤੇ ਸਮਝਦੇ ਹਨ। ਇਹ ਭਾਰਤ ਅਤੇ ਨੇਪਾਲ ਵਿਚਾਲੇ ਚੰਗੇ ਸੰਬੰਧਾਂ ਅਤੇ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਆਵਾਜਾਈ ਦੀ ਸੌਖ ਦੇ ਕਾਰਨ ਹੈ। ਇਕ ਹੋਰ ਕਾਰਨ ਬਾਲੀਵੁੱਡ ਸਿਨੇਮਾ ਵੀ ਹੈ, ਜਿਸ ਦੀ ਨੇਪਾਲ ਵਿਚ ਬਹੁਤ ਪ੍ਰਸਿੱਧੀ ਹੈ। ਅਗਰ ਅਜਿਹਾ ਹੋ ਜਾਂਦਾ ਹੈ ਤਾਂ ਭਾਰਤ ਤੇ ਨੇਪਾਲ ਵਿਚਕਾਰ ਆਉਣ ਵਾਲੇ ਕੁੱਝ ਸਾਲਾਂ ਬਾਅਦ ਹਰ ਪ੍ਰਕਾਰ ਦੀ ਸਾਂਝ ਖ਼ਤਮ ਹੋ ਜਾਵੇਗੀ। (ਏਜੰਸੀ)