
ਰਾਮਗੜ੍ਹੀਆ ਵੈਲਫ਼ੇਅਰ ਐਸੋਸੀਏਸ਼ਨ ਅਤੇ ਰਾਮਗੜ੍ਹੀਆ ਵਿਰਸਾ ਪੱਤਿਰਕਾ ਵਲੋਂ ਗਾਜ਼ੀਆਬਾਦ ਵਿਖੇ ਬੀਤੇ ਦਿਨੀਂ ਕਰਵਾਏ ਇਕ ਸਮਾਗਮ ਦੌਰਾਨ ਸ਼੍ਰੋਮਣੀ...
ਨਵੀਂ ਦਿੱਲੀ, ਰਾਮਗੜ੍ਹੀਆ ਵੈਲਫ਼ੇਅਰ ਐਸੋਸੀਏਸ਼ਨ ਅਤੇ ਰਾਮਗੜ੍ਹੀਆ ਵਿਰਸਾ ਪੱਤਿਰਕਾ ਵਲੋਂ ਗਾਜ਼ੀਆਬਾਦ ਵਿਖੇ ਬੀਤੇ ਦਿਨੀਂ ਕਰਵਾਏ ਇਕ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਅਵਤਾਰ ਸਿੰਘ ਹਿੱਤ, ਰਾਮਗੜ੍ਹੀਆ ਬੋਰਡ ਦਿੱਲੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਗਾਗੀ, ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫ਼ੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਰਿਆਤ, ਫ਼ੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਗੁਰਦਵਾਰਾ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਰਾਮਗੜ੍ਹੀਆ ਫ਼ੈਡਰੇਸ਼ਨ ਹਰਿਆਣਾ ਦੇ ਸਾਬਕਾ ਪ੍ਰਧਾਨ ਕਾਲਾ ਸਿੰਘ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
ਇਹ ਸਮਾਗਮ ਦੌਰਾਨ ਉਕਤ ਆਗੂਆਂ ਨੇ ਅਪਣੇ ਵਿਚਾਰ ਰੱਖਦਿਆਂ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਨੂੰ ਇਕਜੁਟ ਹੋ ਕੇ ਕੌਮ ਤੇ ਭਾਈਚਾਰੇ ਵਾਸਤੇ ਕਾਰਜ ਕਰਨੇ ਚਾਹੀਦੇ ਹਨ। ਜਥੇ. ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਸਿੱਖੀ ਹੀ ਸਾਡੀ ਪਹਿਚਾਣ ਹੈ ਤੇ ਸਾਨੂੰ ਸਿੱਖੀ ਪ੍ਰਤਿ ਹੋਰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਨੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ। ਜਤਿੰਦਰਪਾਲ ਸਿੰਘ ਗਾਗੀ ਨੇ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਰਿਆਂ ਨੂੰ ਰੱਲ ਕੇ ਹੁੰਭਲਾ ਮਾਰਨ ਲਈ ਕਿਹਾ ਅਤੇ ਪੰਜਾਬੀ ਭਾਸਾ, ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਗੂੜੀ ਸਾਂਝ ਪਾਉਣ ਸਬੰਧੀ ਅਪੀਲ ਵੀ ਕੀਤੀ।
ਸੁਖਦੇਵ ਸਿੰਘ ਰਿਆਤ ਹੁਰਾਂ ਨੇ ਵੀ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਅਤੇ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫ਼ੈਡਰੇਸ਼ਨ ਵਲੋਂ ਸਮੇਂ-ਸਮੇਂ ਕੀਤੇ ਜਾਂਦੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੁਹਈਆ ਕਰਵਾਈ। ਇਸ ਮੌਕੇ ਚਰਨਜੀਤ ਸਿੰਘ ਸਾਥੀ ਤੇ ਹੋਰਨਾ ਆਗੂਆਂ ਨੇ ਆਏ ਸਾਰਿਆਂ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ ਅਤੇ ਫੁੱਲਾਂ ਦੇ ਗੁਲਦਸਤੇ ਤੇ ਸ਼ਾਲਾਂ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ।